ਸ਼ਾਹਰੁਖ ਖ਼ਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਹਾਰਾਸ਼ਟਰ ਸਰਕਾਰ ਨੇ ਵਧਾਈ ਸੁਰੱਖਿਆ

ਮੁੰਬਈ – ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਪਿਛਲੇ ਕੁਝ ਦਿਨਾਂ ਤੋਂ ਆਪਣੀ ਫ਼ਿਲਮ ‘ਜਵਾਨ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਉਨ੍ਹਾਂ ਦੀ ਫ਼ਿਲਮ ਪੂਰੀ ਦੁਨੀਆ ‘ਚ ਸਫਲ ਹੋ ਗਈ ਹੈ। ਹਾਲਾਂਕਿ, ਹੁਣ ਇਹ ਖ਼ਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦੇਵੇਗੀ। ਦਰਅਸਲ, ਬਾਲੀਵੁੱਡ ‘ਚ ਬਾਕਸ ਆਫਿਸ ‘ਤੇ ਆਪਣੀ ਵੱਡੀ ਪਾਰੀ ਤੋਂ ਬਾਅਦ ਸ਼ਾਹਰੁਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। 

ਅਦਾਕਾਰ ਦੀ ਸ਼ਿਕਾਇਤ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਹੁਣ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਖਬਰਾਂ ਮੁਤਾਬਕ ਸ਼ਾਹਰੁਖ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। 

ਸ਼ਾਹਰੁਖ ਖ਼ਾਨ ਨੂੰ ਦਿੱਤੀ ਗਈ Y+ ਸੁਰੱਖਿਆ ਤਹਿਤ 6 ਨਿੱਜੀ ਅਤੇ 5 ਹਥਿਆਰਾਂ ਨਾਲ ਸੁਰੱਖਿਆ ਅਧਿਕਾਰੀ 24 ਘੰਟੇ ਲਈ ਉਨ੍ਹਾਂ ਨਾਲ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖ਼ਾਨ ਦੀ ਜਾਨ ਨੂੰ ਖ਼ਤਰਾ ਹੈ।
ਹਾਲ ਹੀ ‘ਚ ਆਪਣੀਆਂ ਫ਼ਿਲਮ ‘ਪਠਾਨ’ ਅਤੇ ‘ਜਵਾਨ’ ਦੇ ਹਿੱਟ ਹੋਣ ਮਗਰੋਂ ਸ਼ਾਹਰੁਖ ਅੰਡਰਵਰਲਡ ਅਤੇ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸੁਰੱਖਿਆ ਲਈ ਸਿਰਫ਼ 2 ਪੁਲਸ ਮੁਲਾਜ਼ਮ ਹੀ ਹੁੰਦੇ ਸਨ। ਕਿੰਗ ਖ਼ਾਨ ਨੂੰ ਦਿੱਤੀ ਗਈ Y+ ਸੁਰੱਖਿਆ ਦਾ ਖਰਚਾ ਸ਼ਾਹਰੁਖ ਖੁਦ ਚੁੱਕਣਗੇ। ਉਨ੍ਹਾਂ ਨੂੰ ਇਸ ਦਾ ਭੁਗਤਾਨ ਮਹਾਰਾਸ਼ਟਰ ਸਰਕਾਰ ਨੂੰ ਕਰਨਾ ਪਵੇਗਾ।

ANI ਨੇ ਸ਼ਾਹਰੁਖ ਨੂੰ ਦਿੱਤੀ ਗਈ ਸੁਰੱਖਿਆ ਨੂੰ ਲੈ ਕੇ ਮਹਾਰਾਸ਼ਟਰ ਪੁਲਸ ਦਾ ਬਿਆਨ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਦੱਸਿਆ ਗਿਆ ਹੈ ਕਿ ‘ਪਠਾਨ’ ਅਤੇ ‘ਜਵਾਨ’ ਦੀ ਸਫਲਤਾ ਤੋਂ ਬਾਅਦ ਸ਼ਾਹਰੁਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਮਹਾਰਾਸ਼ਟਰ ਪੁਲਸ ਨੇ ਉਨ੍ਹਾਂ ਨੂੰ ਵਾਈ ਸੁਰੱਖਿਆ ਦੇ ਕੇ ਸੁਰੱਖਿਆ ਵਧਾ ਦਿੱਤੀ ਹੈ।

Add a Comment

Your email address will not be published. Required fields are marked *