ਅਸੈਂਬਲੀ ਚੋਣਾਂ ਜਿੱਤਣ ਲਈ ਅਸਰਦਾਰ ਰਣਨੀਤੀ ਦੀ ਲੋੜ: ਖੜਗੇ

ਨਵੀਂ ਦਿੱਲੀ, 9 ਅਕਤੂਬਰ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਪਾਰਟੀ ਵਰਕਰਾਂ ਨੂੰ ਆਪਸੀ ਸਹਿਯੋਗ, ਅਨੁਸ਼ਾਸਨ ਤੇ ਏਕਤਾ ਨਾਲ ਕੰਮ ਕਰਨ ਅਤੇ ਨਵੰਬਰ ’ਚ ਹੋਣ ਵਾਲੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਆਪਣੀ ਪੂਰੀ ਤਾਕਤ ਲਗਾ ਦੇਣ ਲਈ ਕਿਹਾ।

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇੱਕ ਵਾਰ ਫਿਰ ਦੇਸ਼ ਭਰ ’ਚ ਜਾਤੀ ਆਧਾਰਿਤ ਜਨਗਣਨਾ ਕਰਾਉਣ ਦੀ ਮੰਗ ਕੀਤੀ ਤਾਂ ਜੋ ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਕਬੀਲਿਆਂ (ਐੱਸਟੀ) ਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਨੂੰ ਉਨ੍ਹਾਂ ਦੀ ਆਬਾਦੀ ਦੇ ਆਧਾਰ ’ਤੇ ਸਮਾਜਿਕ ਨਿਆਂ ਤੇ ਹੱਕ ਮਿਲਣੇ ਯਕੀਨੀ ਬਣਾਏ ਜਾ ਸਕਣ।

ਉਨ੍ਹਾਂ ਕਿਹਾ ਕਿ ਹਾਲਾਂਕਿ ਭਾਜਪਾ ਇਸ ਮੁੱਦੇ ’ਤੇ ਚੁੱਪ ਹੈ। ਉਨ੍ਹਾਂ ਕਿਹਾ ਕਿ ਲੋਕ ਭਲਾਈ ਯੋਜਨਾਵਾਂ ਦੀ ਢੁੱਕਵੀਂ ਵੰਡ ਲਈ ਸਮਾਜ ਦੇ ਕਮਜ਼ੋਰ ਵਰਗਾਂ ਦੀ ਸਥਿਤੀ ਬਾਰੇ ਸਮਾਜਿਕ-ਆਰਥਿਕ ਅੰਕੜਿਆਂ ਦਾ ਪਤਾ ਹੋਣਾ ਤੇ ਉਨ੍ਹਾਂ ਲਈ ਸਮਾਜਿਕ ਨਿਆਂ ਯਕੀਨੀ ਬਣਾਉਣਾ ਅਹਿਮ ਹੈ।

ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਜੇਕਰ ਉਹ 2024 ਵਿੱਚ ਕੇਦਰ ’ਚ ਸੱਤਾ ’ਚ ਆਏ ਤਾਂ ਉਨ੍ਹਾਂ ਦੀ ਪਾਰਟੀ ਲੋਕ ਸਭਾ ਤੇ ਵਿਧਾਨ ਸਭਾਵਾਂ ’ਚ ਮਹਿਲਾ ਰਾਖਵਾਂਕਰਨ ਲਾਗੂ ਕਰੇਗੀ। ਪਾਰਟੀ ਆਗੂਆਂ ਨੂੰ ਸਰਕਾਰ ਦੀਆਂ ਨਾਕਾਮੀਆਂ ਲੋਕਾਂ ਸਾਹਮਣੇ ਲਿਆਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਕਮ ਧਿਰ ਭਾਜਪਾ ਦੇ ਝੂਠੇ ਪ੍ਰਚਾਰ ਦਾ ਤੁਰੰਤ ਮੁਕਾਬਲਾ ਕਰਨਾ ਚਾਹੀਦਾ ਹੈ ਕਿਉਂਕਿ ਚੋਣਾਂ ਨੇੜੇ ਆਉਂਦੇ ਹੀ ਅਜਿਹੇ ਹਮਲੇ ਤੇ ਝੂਠ ਹੋਰ ਵੱਧ ਜਾਣਗੇ। ਖੜਗੇ ਨੇ 7 ਤੋਂ 30 ਨਵੰਬਰ ਤੱਕ ਸੂਬੇ ਦੇ ਪੰਜ ਸੂਬਿਆਂ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤਿਲੰਗਾਨਾ ਤੇ ਮਿਜ਼ੋਰਮ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਸਰਦਾਰ ਰਣਨੀਤੀ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਉਨ੍ਹਾਂ ਕਿਹਾ, ‘ਜਵਿੇਂ ਜਵਿੇਂ ਅਸੀਂ ਅਗਾਮੀ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਦੇ ਨੇੜੇ ਪਹੁੰਚ ਰਹੇ ਹਾਂ, ਇਹ ਮਹੱਤਵਪੂਰਨ ਹੈ ਕਿ ਪਾਰਟੀ ਸਾਵਧਾਨੀ ਨਾਲ ਤਾਲਮੇਲ, ਮੁਕੰਮਲ ਅਨੁਸ਼ਾਸਨ ਤੇ ਏਕਤਾ ਨਾਲ ਕੰਮ ਕਰੇ।’

ਉਨ੍ਹਾਂ ਕਿਹਾ, ‘ਅੱਜ ਸਾਡਾ ਦੇਸ਼ ਮਹਿੰਗਾਈ, ਬੇਰੁਜ਼ਗਾਰੀ ਅਤੇ ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ ਵਿੱਚ ਸਰਕਾਰ ਦੀ ਨਾਕਾਮੀ ਦਾ ਸਾਹਮਣਾ ਕਰ ਰਿਹਾ ਹੈ। ਹਾਕਮ ਧਿਰ ਦੀ ਵੰਡ ਪਾਊ ਰਣਨੀਤੀ ਅਤੇ ਖੁਦਮੁਖਤਿਆਰ ਸੰਸਥਾਵਾਂ ਦੀ ਦੁਰਵਰਤੋਂ ਨੇ ਜਮਹੂਰੀ ਸਥਿਰਤਾ ਲਈ ਖਤਰਾ ਖੜ੍ਹਾ ਕਰ ਦਿੱਤਾ ਹੈ।’ ਕਾਂਗਰਸ ਪ੍ਰਧਾਨ ਨੇ ਕਿਹਾ, ‘ਮਨੀਪੁਰ ’ਚ ਪ੍ਰਧਾਨ ਮੰਤਰੀ ਦੀ ਗ਼ੈਰਹਾਜ਼ਰੀ ਚੋਣਾਂ ਵਾਲੇ ਰਾਜਾਂ ’ਚ ਉਨ੍ਹਾਂ ਦੀਆਂ ਲਗਾਤਾਰ ਯਾਤਰਾਵਾਂ ਦੇ ਬਿਲਕੁਲ ਉਲਟ ਹੈ। ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ’ਤੇ ਉਨ੍ਹਾਂ ਦੇ ਝੂਠ ਅਤੇ ਝੂਠ ਨਾਲ ਭਰੇ ਬੇਬੁਨਿਆਦ ਹਮਲੇ ਹੋਰ ਵਧਣਗੇ। ਇਹ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਝੂਠਾਂ ਤੇ ਝੂਠੇ ਹਮਲਿਆਂ ਦਾ ਢੁੱਕਵਾਂ ਜਵਾਬ ਦੇਣ ਦੀ ਤਿਆਰੀ ਕਰੀਏ।’ 

Add a Comment

Your email address will not be published. Required fields are marked *