ਅਫਗਾਨਿਸਤਾਨ ਦੇ ਭੂਚਾਲ ਪੀੜਤਾਂ ਦੀ ਮਦਦ ਲਈ ਰਾਸ਼ਿਦ ਖਾਨ WC ਦੀ ਪੂਰੀ ਫੀਸ ਕਰਨਗੇ ਦਾਨ

ਅਫਗਾਨਿਸਤਾਨ ਦੇ ਸਪਿਨ ਗੇਂਦਬਾਜ਼ ਰਾਸ਼ਿਦ ਖਾਨ ਦੁਨੀਆ ਦੇ ਮਸ਼ਹੂਰ ਅਤੇ ਮਹਾਨ ਗੇਂਦਬਾਜ਼ ਹਨ। ਉਹ ਜਿੰਨੇ ਚੰਗੇ ਗੇਂਦਬਾਜ਼ ਹਨ, ਓੰਨੇ ਹੀ ਚੰਗੇ ਇਨਸਾਨ ਵੀ ਹਨ। ਉਹ ਆਪਣੇ ਚੰਗੇ ਸੁਭਾਅ ਦਾ ਸਬੂਤ ਅਕਸਰ ਦਿੰਦੇ ਹਨ, ਪਰ ਅੱਜ ਉਨ੍ਹਾਂ ਨੇ ਇਸ ਦਾ ਇਕ ਹੋਰ ਸਬੂਤ ਦੇ ਦਿੱਤਾ ਹੈ। ਦਰਅਸਲ, ਰਾਸ਼ਿਦ ਖਾਨ ਨੇ ਵਿਸ਼ਵ ਕੱਪ ਵਿੱਚ ਮਿਲੀ ਆਪਣੀ ਪੂਰੀ ਮੈਚ ਦੀ ਫੀਸ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣਾ ਪੈਸਾ ਅਫਗਾਨਿਸਤਾਨ ਵਿੱਚ ਆਏ ਭੂਚਾਲ ਤੋਂ ਪ੍ਰਭਾਵਿਤ ਹੋਏ ਪੀੜਤ ਲੋਕਾਂ ਦੀ ਮਦਦ ਕਰਨ ਦੇ ਲਈ ਦਾਨ ਕੀਤਾ ਹੈ।

ਰਾਸ਼ਿਦ ਖਾਨ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਇਸ ਗੱਲ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅਫਗਾਨਿਸਤਾਨ ਦੇ ਪੱਛਮੀ ਸੂਬਿਆਂ (ਹੇਰਾਤ, ਫਰਾਹ ਅਤੇ ਬਦਗੀਸ) ਵਿਚ ਭੂਚਾਲ ਦੇ ਦੁਖਦਾਈ ਨਤੀਜਿਆਂ ਬਾਰੇ ਸੁਣ ਕੇ ਬਹੁਤ ਦੁਖੀ ਹਾਂ। ਮੈਂ ਭੂਚਾਲ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਪਣੀ ਸਾਰੀ ਕ੍ਰਿਕਟ ਵਿਸ਼ਵ ਕੱਪ 2023 ਮੈਚ ਫੀਸ ਦਾਨ ਕਰ ਰਿਹਾ ਹਾਂ। ਅਸੀਂ ਜਲਦੀ ਹੀ ਫੰਡ ਰੇਸਿੰਗ ਮੁਹਿੰਮ ਸ਼ੁਰੂ ਕਰਾਂਗੇ ਜਿਸ ਰਾਹੀਂ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਲਵਾਂਗੇ ਜੋ ਪੀੜਤਾਂ ਦੀ ਮਦਦ ਕਰ ਸਕਦੇ ਹਨ।

ਦਰਅਸਲ, ਸ਼ਨੀਵਾਰ ਨੂੰ ਅਫਗਾਨਿਸਤਾਨ ‘ਚ ਭਿਆਨਕ ਭੂਚਾਲ ਆਇਆ, ਜਿਸ ਨੇ ਚਾਰੇ ਪਾਸੇ ਤਬਾਹੀ ਮਚਾਈ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਮੁਤਾਬਕ ਇਸ ਭੂਚਾਲ ਨਾਲ 2000 ਤੋਂ ਵੱਧ ਲੋਕ ਮਾਰੇ ਗਏ ਹਨ, 9000 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ ਅਤੇ 1300 ਤੋਂ ਵੱਧ ਘਰ ਤਬਾਹ ਹੋ ਗਏ ਹਨ।

ਅਫਗਾਨਿਸਤਾਨ ‘ਚ ਆਏ ਇਸ ਭੂਚਾਲ ਨਾਲ ਮਾਰੇ ਗਏ ਅਤੇ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉੱਥੇ ਹੀ ਅਫਗਾਨਿਸਤਾਨ ਦੇ ਸੁਪਰਸਟਾਰ ਰਾਸ਼ਿਦ ਖਾਨ ਇਸ ਸਮੇਂ ਭਾਰਤ ‘ਚ ਆਈ. ਸੀ. ਸੀ. ਵਨਡੇ ਕ੍ਰਿਕਟ ਵਰਲਡ ਕੱਪ ਖੇਡ ਰਹੇ ਹਨ ਪਰ ਉਹ ਆਪਣੇ ਦੇਸ਼ ਵਾਸੀਆਂ ਨੂੰ ਲੈ ਕੇ ਕਾਫੀ ਚਿੰਤਤ ਹਨ ਅਤੇ ਇਸ ਲਈ ਉਨ੍ਹਾਂ ਨੇ ਆਪਣੀ ਪੂਰੀ ਮੈਚ ਫੀਸ ਵਿਸ਼ਵ ਕੱਪ ਤੋਂ ਦਾਨ ਕਰਨ ਦਾ ਫੈਸਲਾ ਕੀਤਾ ਹੈ।

Add a Comment

Your email address will not be published. Required fields are marked *