ਇਜ਼ਰਾਈਲ ’ਚ ਫਸੀ ਨੁਸਰਤ ਭਰੂਚਾ ਸੁਰੱਖਿਅਤ ਭਾਰਤ ਪਹੁੰਚੀ

ਮੁੰਬਈ– ‘ਡ੍ਰੀਮ ਗਰਲ’ ਫੇਮ ਨੁਸਰਤ ਭਰੂਚਾ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ ਦੇ ਵਿਚਕਾਰ ਇਜ਼ਰਾਈਲ ’ਚ ਫਸ ਗਈ ਸੀ। ਅਦਾਕਾਰਾ ਨਾਲ ਉਸ ਦੀ ਟੀਮ ਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਹੁਣ ਨੁਸਰਤ ਦੇ ਪ੍ਰਸ਼ੰਸਕਾਂ ਤੇ ਪਰਿਵਾਰ ਲਈ ਖ਼ੁਸ਼ਖ਼ਬਰੀ ਹੈ ਕਿ ਉਹ ਸੁਰੱਖਿਅਤ ਭਾਰਤ ਪਰਤ ਆਈ ਹੈ। ਉਹ ਹੁਣ ਆਪਣੀ ਟੀਮ ਤੇ ਪਰਿਵਾਰ ਦੇ ਸੰਪਰਕ ’ਚ ਹੈ ਤੇ ਫਲਾਈਟ ਰਾਹੀਂ ਸੁਰੱਖਿਅਤ ਭਾਰਤ ਪਰਤ ਆਈ ਹੈ। ਉਸ ਦੀ ਪਹਿਲੀ ਝਲਕ ਵੀ ਏਅਰਪੋਰਟ ’ਤੇ ਦੇਖਣ ਨੂੰ ਮਿਲੀ।

ਦੱਸ ਦੇਈਏ ਕਿ ਨੁਸਰਤ ਭਰੂਚਾ ਹੈਫਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਸ਼ਾਮਲ ਹੋਣ ਲਈ ਇਜ਼ਰਾਈਲ ਗਈ ਸੀ। ਅਦਾਕਾਰਾ ਇਜ਼ਰਾਈਲ ’ਚ ਜੰਗ ਦੇ ਹਾਲਾਤ ’ਚ ਫਸ ਗਈ ਸੀ ਤੇ ਆਪਣੀ ਟੀਮ ਨਾਲ ਸੰਪਰਕ ਕਰਨ ’ਚ ਅਸਮਰੱਥ ਸੀ, ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰ ਵੀ ਡਰੇ ਹੋਏ ਸਨ। ਹੁਣ ਨੁਸਰਤ ਬਾਰੇ ਰਾਹਤ ਦੀ ਖ਼ਬਰ ਹੈ ਕਿ ਉਹ ਭਾਰਤ ਆ ਗਈ ਹੈ। ਸੂਤਰਾਂ ਮੁਤਾਬਕ ਨੁਸਰਤ ਭਰੂਚਾ ਨੂੰ ਇਜ਼ਰਾਈਲ ਏਅਰਪੋਰਟ ਤੋਂ ਸੁਰੱਖਿਅਤ ਭਾਰਤ ਪਰਤਾਇਆ ਗਿਆ ਹੈ। ਇਹ ਖ਼ਬਰ ਜਾਣ ਕੇ ਉਸ ਦੇ ਪ੍ਰਸ਼ੰਸਕ ਕਾਫੀ ਖ਼ੁਸ਼ ਹਨ।

ਜਿਵੇਂ ਹੀ ਨੁਸਰਤ ਭਰੂਚਾ ਏਅਰਪੋਰਟ ਤੋਂ ਬਾਹਰ ਆਈ ਤਾਂ ਪਾਪਰਾਜ਼ੀ ਤੇ ਮੀਡੀਆ ਦੇ ਲੋਕਾਂ ਨੇ ਉਸ ਨੂੰ ਘੇਰ ਲਿਆ ਤੇ ਹਰ ਤਰ੍ਹਾਂ ਦੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਅਦਾਕਾਰਾ ਨੁਸਰਤ ਭਰੂਚਾ ਨੇ ਕਿਹਾ, ‘‘ਮੈਂ ਫਿਲਹਾਲ ਬੋਲਣ ਦੀ ਸਥਿਤੀ ’ਚ ਨਹੀਂ ਹਾਂ, ਮੈਂ ਘਰ ਜਾ ਕੇ ਗੱਲ ਕਰਾਂਗੀ।’’ ਇਹ ਕਹਿ ਕੇ ਉਹ ਆਪਣੇ ਘਰ ਲਈ ਰਵਾਨਾ ਹੋ ਗਈ।

ਨੁਸਰਤ ਭਰੂਚਾ ਦੀ ਫ਼ਿਲਮ ‘ਅਕੇਲੀ’ ਇਸ ਸਾਲ ਅਗਸਤ ਮਹੀਨੇ ’ਚ ਰਿਲੀਜ਼ ਹੋਈ ਸੀ। ਨੁਸਰਤ ਫ਼ਿਲਮ ਇੰਡਸਟਰੀ ’ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਅਦਾਕਾਰਾ ਨੇ ਆਪਣੇ ਕਰੀਅਰ ’ਚ ‘ਪਿਆਰ ਕਾ ਪੰਚਨਾਮਾ’, ‘ਡ੍ਰੀਮ ਗਰਲ’ ਤੇ ‘ਜਨਹਿਤ ਮੇਂ ਜਾਰੀ’ ਵਰਗੀਆਂ ਫ਼ਿਲਮਾਂ ’ਚ ਕੰਮ ਕੀਤਾ ਹੈ।

Add a Comment

Your email address will not be published. Required fields are marked *