ਗੱਤਕਾ ਖਿਡਾਰੀ ਦਾ ਬੇਰਹਿਮੀ ਨਾਲ ਕਤਲ, ਦੋਵੇਂ ਹੱਥ ਵੱਢ ਪਲਾਟ ‘ਚ ਸੁੱਟੀ ਲਾਸ਼

ਲੁਧਿਆਣਾ : ਪੱਖੋਵਾਲ ਰੋਡ ‘ਤੇ ਸਥਿਤ ਕੰਟਰੀ ਵਿਲਾ ਕਾਲੋਨੀ ਦੇ ਇਕ ਖਾਲੀ ਪਲਾਟ ‘ਚੋਂ ਇਕ ਨੌਜਵਾਨ ਦੀ ਗਲ਼ੀ-ਸੜੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਲਾਸ਼ ਦੇ ਦੋਵੇਂ ਹੱਥ ਵੱਢੇ ਹੋਏ ਸਨ। ਲਾਸ਼ ਪੁਰਾਣੀ ਹੋਣ ਕਾਰਨ ਇਸ ਦੇ ਅੰਦਰ ਕੀੜੇ ਚੱਲ ਸਨ ਅਤੇ ਆਸ-ਪਾਸ ਦੇ ਇਲਾਕੇ ਵਿੱਚ ਬਦਬੂ ਫੈਲ ਰਹੀ ਸੀ। ਲਾਸ਼ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ।

ਲਾਸ਼ ਬਾਰੇ ਜਦੋਂ ਕਾਲੋਨੀ ਦੇ ਚੌਕੀਦਾਰ ਨੂੰ ਪਤਾ ਲੱਗਾ ਤਾਂ ਉਸ ਨੇ ਲਲਤੋਂ ਚੌਕੀ ਦੇ ਇੰਚਾਰਜ ਏਐੱਸਆਈ ਰਵਿੰਦਰ ਸ਼ਰਮਾ ਨੂੰ ਸੂਚਿਤ ਕੀਤਾ। ਇਸ ਬਾਰੇ ਪਤਾ ਲੱਗਦਿਆਂ ਹੀ ਹੋਰ ਪੁਲਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਮੌਕੇ ਦਾ ਮੁਆਇਨਾ ਕਰਨ ਉਪਰੰਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਨੇ ਮੌਕੇ ’ਤੇ ਹੀ ਮਰਨ ਵਾਲੇ ਨੌਜਵਾਨ ਦੀ ਪਛਾਣ 27 ਸਾਲਾ ਕੌਮੀ ਗੱਤਕਾ ਖਿਡਾਰੀ ਰਘੁਵੀਰ ਸਿੰਘ ਵਾਸੀ ਜੋਧਾਂ ਵਜੋਂ ਕੀਤੀ ਹੈ। ਪੁਲਸ ਨੇ ਮੌਕੇ ਤੋਂ ਉਸ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਪਰ ਜਾਂਚ ਦੌਰਾਨ ਮੌਕੇ ਤੋਂ ਉਸ ਦੇ ਦੋਵੇਂ ਹੱਥ ਨਹੀਂ ਮਿਲੇ। ਪੁਲਸ ਕਾਫੀ ਦੇਰ ਤੱਕ ਉਨ੍ਹਾਂ ਦੀ ਭਾਲ ਕਰਦੀ ਰਹੀ।

ਚੌਕੀ ਇੰਚਾਰਜ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਇਲਾਕੇ ਦੇ ਰਹਿਣ ਵਾਲੇ ਚੌਕੀਦਾਰ ਨੇ ਦੱਸਿਆ ਕਿ ਇਲਾਕੇ ਵਿੱਚ ਕਈ ਪਲਾਟ ਖਾਲੀ ਹੋਣ ਕਾਰਨ ਆਸ-ਪਾਸ ਦੇ ਪਿੰਡਾਂ ਦੀਆਂ ਔਰਤਾਂ ਲੱਕੜਾਂ ਕੱਟਣ ਲਈ ਆਉਂਦੀਆਂ ਹਨ। ਇਸੇ ਲਈ ਉਹ ਅਕਸਰ ਜਾਂਚ ਕਰਦਾ ਰਹਿੰਦਾ ਹੈ। ਐਤਵਾਰ ਨੂੰ ਜਦੋਂ ਉਹ ਚੈਕਿੰਗ ਕਰ ਰਿਹਾ ਸੀ ਤਾਂ ਉਸ ਨੇ ਇਕ ਖਾਲੀ ਪਲਾਟ ਨੇੜੇ ਇਕ ਮੋਟਰਸਾਈਕਲ ਦੇਖਿਆ, ਜਿਸ ‘ਤੇ ਉਸ ਨੇ ਥੋੜ੍ਹਾ ਅੱਗੇ ਜਾ ਕੇ ਦੇਖਿਆ ਤਾਂ ਉਥੋਂ ਕਾਫੀ ਬਦਬੂ ਆ ਰਹੀ ਸੀ ਅਤੇ ਕਿਸੇ ਦੀ ਲਾਸ਼ ਪਈ ਸੀ, ਜਿਸ ‘ਤੇ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਲਾਸ਼ ਲਾਵਾਰਸ ਹੋਣ ਕਾਰਨ ਉਨ੍ਹਾਂ ਪੁਲਸ ਕੰਟਰੋਲ ਨੂੰ ਸੂਚਿਤ ਕੀਤਾ ਅਤੇ ਉਸ ਕੋਲੋਂ ਮਿਲੇ ਦਸਤਾਵੇਜ਼ਾਂ ਤੋਂ ਪਤਾ ਲੱਗਾ ਕਿ ਉਹ ਜੋਧਾਂ ਦਾ ਵਸਨੀਕ ਸੀ। ਉਸ ਦੇ ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਉਹ 5 ਅਕਤੂਬਰ ਤੋਂ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ। ਕਾਫੀ ਭਾਲ ਤੋਂ ਬਾਅਦ ਉਨ੍ਹਾਂ ਨੇ ਜੋਧਾ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਉਹ ਰਾਸ਼ਟਰੀ ਪੱਧਰ ‘ਤੇ ਗੱਤਕਾ ਖੇਡਦਾ ਸੀ ਅਤੇ ਉਸ ਦੀ ਖੇਡ ‘ਤੇ ਬਹੁਤ ਵੱਡੀ ਪਕੜ ਸੀ। ਉਹ ਸਰੀਰਕ ਤੌਰ ‘ਤੇ ਬਹੁਤ ਮਜ਼ਬੂਤ ਸੀ। ਉਹ ਸਾਊਥ ਸਿਟੀ ਵਿੱਚ ਕਿਸੇ ਦੇ ਘਰ ਡਰਾਈਵਰ ਵਜੋਂ ਕੰਮ ਕਰਦਾ ਸੀ। 5 ਅਕਤੂਬਰ ਨੂੰ ਉਹ ਘਰੋਂ ਕੰਮ ‘ਤੇ ਜਾਣ ਲਈ ਆਇਆ ਸੀ ਪਰ ਵਾਪਸ ਨਹੀਂ ਆਇਆ। ਜਦੋਂ ਪੁਲਸ ਨੇ ਉਸ ਦੇ ਮਾਲਕਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ 5 ਅਕਤੂਬਰ ਤੋਂ 2 ਦਿਨ ਪਹਿਲਾਂ ਕੰਮ ‘ਤੇ ਆਉਣਾ ਬੰਦ ਕਰ ਦਿੱਤਾ ਸੀ ਅਤੇ ਉਸ ਦਾ ਫ਼ੋਨ ਵੀ ਬੰਦ ਆ ਰਿਹਾ ਸੀ।

ਇਸ ਸਬੰਧੀ ਏਐੱਸਆਈ ਰਵਿੰਦਰ ਸ਼ਰਮਾ, ਚੌਕੀ ਲਲਤੋਂ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਮੋਬਾਇਲ ਦੇ ਵੇਰਵੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਸੀ ਜਾਂ ਨਹੀਂ। ਉਸ ਦੇ ਸੰਪਰਕਾਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਸ ਦੀ ਮੌਤ ਕਿਵੇਂ ਹੋਈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮ੍ਰਿਤਕ ਦੇ ਪਿਤਾ ਜਗਜੀਤ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *