CM ਮਾਨ ਦਾ ਵਿਰੋਧੀਆਂ ‘ਤੇ ਵਾਰ, ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਜਾਇਜ਼

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਚੰਡੀਗੜ੍ਹ ਵਿਖੇ 272 ਨਵੇਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ। ਭਗਵੰਤ ਮਾਨ ਨੇ ਅੱਜ ਕੋਆਪਰੇਟਿਵ ਸੁਸਾਇਟੀ ਦੇ 272 ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਦੌਰਾਨ ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਮਾਨ ਸਰਕਾਰ ਵੱਲੋਂ 37 ਹਜ਼ਾਰ ਤੋਂ ਵਧੇਰੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ ਹੈ। 

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਨੌਕਰੀਆਂ ਦੇਣ ਵਿੱਚ ਇਕ ਮਿੰਟ ਵੀ ਬਰਬਾਦ ਨਹੀਂ ਕਰਨਾ ਚਾਹੁੰਦੇ ਹਨ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਨੌਕਰੀਆਂ ਦੇਣ ਦੀ ਪ੍ਰਕਿਰਿਆ ਨੂੰ 72 ਸਾਲ ਪਹਿਲਾਂ ਹੀ ਦੇਰੀ ਕਰ ਦਿੱਤੀ ਹੈ। ਅੱਜ 272 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਇਨ੍ਹਾਂ ਵਿੱਚੋਂ 181 ਲੜਕੇ ਅਤੇ 91 ਲੜਕੀਆਂ ਹਨ, ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਪੰਜਾਬ ਵਿੱਚ ਰਿਸ਼ਵਤ ਅਤੇ ਸਿਫ਼ਾਰਿਸ਼ਾਂ ਦਾ ਦੌਰ ਹੁਣ ਖ਼ਤਮ ਹੋ ਚੁੱਕਾ ਹੈ। ਹੁਣ ਪੰਜਾਬ ਵਿੱਚ ਜਿਸ ਨੂੰ ਵੀ ਸਰਕਾਰੀ ਨੌਕਰੀ ਮਿਲੇਗੀ ਉਹ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਮਿਲੇਗੀ। ਜਿੰਨੇ ਵਧੀਆ ਨੰਬਰ ਹੋਣਗੇ, ਉਨ੍ਹੀ ਹੀ ਵਧੀਆ ਨੌਕਰੀ ਦਿੱਤੀ ਜਾਵੇਗੀ। ਪੰਜਾਬ ਵਿੱਚ ਬਿਨਾਂ ਸਿਫ਼ਾਰਿਸ਼ ਦੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਾਡੇ ਵੱਲੋਂ ਸਟੇਸ਼ਨ ਚੁਣਨ ਦੀ ਵੀ ਆਪਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ 8 ਯੂ. ਪੀ. ਐੱਸ. ਸੀ. ਦੇ ਸੈਂਟਰ ਖੋਲ੍ਹੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਿਸ਼ਵਤਖੋਰ ਦੇ ਹੱਕ ਵਿਚ ਹੜਤਾਲ ਕਰਨਾ ਸਹੀ ਨਹੀਂ ਹੈ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਵਿਭਾਗ ਦੇ ਕਰਮਚਾਰੀ ਪਾਣੀ ਵਾਲੀਆਂ ਟੈਂਕੀਆਂ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਨ। ਭਗਵੰਤ ਨੇ ਕਿਹਾ ਕਿ ਪਟਵਾਰੀਆਂ ਨੇ ਜਦੋਂ ਹੜ੍ਹਤਾਲ ਕੀਤੀ ਤਾਂ ਅਸੀਂ ਅਗਲੇ ਹੀ ਦਿਨ 712 ਪੋਸਟਾਂ ਕੱਢ ਦਿੱਤੀਆਂ ਸਨ। 

ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਤਿੱਖੇ ਨਿਸ਼ਾਨੇ ਸਾਧੇ। ਪਿਛਲੀਆਂ ਸਰਕਾਰਾਂ ‘ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਸਿਰਫ਼ ਆਪਣੇ ਹੀ ਪਰਿਵਾਰ ਪਾਲੇ ਹਨ ਜਦਕਿ ਕਿਸੇ ਹੋਰ ਪਰਿਵਾਰ ਦੀ ਕੋਈ ਚਿੰਤਾ ਹੀ ਨਹੀਂ ਕੀਤੀ। ਪਹਿਲਾਂ ਵਾਲੇ ਮੁੱਖ ਮੰਤਰੀ ਤਾਂ ਲੋਕਾਂ ਵਿਚਾਲੇ ਕਦੇ ਆਏ ਹੀ ਨਹੀਂ ਸਨ। ਅਸਲ ਵਿਚ ਹੁਣ ਲੋਕਾਂ ਦਾ ਰਾਜ ਆਇਆ ਹੈ। ਹੁਣ ਭ੍ਰਿਸ਼ਟਾਚਾਰ ਦਾ ਪੈਸਾ ਸਰਕਾਰੀ ਖ਼ਜ਼ਾਨੇ ਵਿਚ ਆ ਰਿਹਾ ਹੈ। ਬਿਨਾਂ ਨਾਂ ਲਏ ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਕੁਰੱਪਸ਼ਨ ਵਿਚ ਨਾਂ ਸਾਹਮਣੇ ਆ ਰਹੇ ਹਨ ਤਾਂ ਰੌਲਾ ਪਾ ਰਹੇ ਹਨ। ਤੜਕੇ ਹੀ ਵਿਰੋਧੀ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ ਅਤੇ ਬਿਨਾਂ ਕਿਸੇ ਤੱਥ ਦੇ ਮੈਨੂੰ ਬੋਲਦੇ ਰਹਿੰਦੇ ਹਨ। ਅਸੀਂ ਕੋਈ ਬਦਲਾਖੋਰੀ ਦੇ ਤਹਿਤ ਕਾਰਵਾਈ ਨਹੀਂ ਕਰ ਰਹੇ। ਭ੍ਰਿਸ਼ਟਾਚਾਰ ਜੋ ਕਾਰਵਾਈ ਹੋ ਰਹੀ ਹੈ, ਉਹ ਜਾਇਜ਼ ਹੈ। ਸਾਡਾ ਕਿਸੇ ਨਾਲ ਕੋਈ ਵੱਟ ਦਾ ਰੌਲਾ ਨਹੀਂ ਹੈ। ਭ੍ਰਿਸ਼ਟਾਚਾਰ ਨਾਲ ਬਣਾਈਆਂ ਗਈਆਂ ਸਾਰਿਆਂ ਦੀਆਂ ਜਾਇਦਾਦਾਂ ਅਟੈਚ ਕੀਤੀਆਂ ਜਾਣਗੀਆਂ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਲੋਕਾਂ ਦਾ ਇਕ-ਇਕ ਪੈਸਾ ਵਾਪਸ ਲਿਆ ਜਾਵੇਗਾ। 

Add a Comment

Your email address will not be published. Required fields are marked *