ਜਲੰਧਰ ‘ਚ ਟਰੰਕ ‘ਚੋਂ ਮਿਲੀਆਂ 3 ਸਕੀਆਂ ਭੈਣਾਂ ਦੀਆਂ ਲਾਸ਼ਾਂ
ਜਲੰਧਰ – ਜਲੰਧਰ ਤੋਂ ਰੂਹ ਨੂੰ ਕੰਬਾਅ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਕਾਨਪੁਰ ਨੇੜੇ ਇਕ ਟਰੰਕ ‘ਚੋਂ 3 ਕੁੜੀਆਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਸਵੇਰੇ-ਸਵੇਰੇ ਕੁੜੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੁਲਸ ਵਿਭਾਗ ‘ਚ ਹਫ਼ੜਾ-ਦਫ਼ੜੀ ਮਚ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਕੁੜੀਆਂ ਸਕੀਆਂ ਭੈਣਾਂ ਹਨ। ਕੁੜੀਆਂ ਦੀ ਉਮਰ 9, 6 ਅਤੇ 3 ਸਾਲ ਦੱਸੀ ਜਾ ਰਹੀ ਹੈ। ਮੌਕੇ ਉਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਿੰਨੇ ਭੈਣਾਂ ਐਤਵਾਰ ਰਾਤ 8 ਵਜੇ ਤੋਂ ਲਾਪਤਾ ਸਨ। ਮਕਾਨ ਮਾਲਕ ਨੇ ਤਿੰਨਾਂ ਦੇ ਲਾਪਤਾ ਹੋਣ ਸਬੰਧੀ ਰਾਤ 11 ਵਜੇ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪੁਲਸ ਨੇ ਵੀ ਰਾਤ ਸਮੇਂ ਮੌਕੇ ’ਤੇ ਪਹੁੰਚ ਕੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ।ਸਵੇਰੇ ਲੋਕਾਂ ਨੇ ਜਿਸ ਘਰ ਵਿਚੋਂ ਤਿੰਨੋਂ ਕੁੜੀਆਂ ਲਾਪਤਾ ਹੋਈਆਂ ਸਨ, ਉਸੇ ਘਰ ਦੇ ਬਾਹਰ ਇਕ ਟਰੰਕ ਪਿਆ ਵੇਖਿਆ। ਲੋਕਾਂ ਨੇ ਟਰੰਕ ਖੋਲ੍ਹ ਕੇ ਵੇਖਿਆ ਤਾਂ ਅੰਦਰ ਤਿੰਨੋਂ ਕੁੜੀਆਂ ਦੀਆਂ ਲਾਸ਼ਾਂ ਪਈਆਂ ਸਨ। ਜਿਨ੍ਹਾਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਵਿੱਚ ਅੰਮ੍ਰਿਤਾ ਕੁਮਾਰੀ (9) ਸਾਕਸ਼ੀ (7) ਕੰਚਨ (4) ਸ਼ਾਮਲ ਹਨ।