ਪਾਵਰਕਾਮ 2 ਮਹੀਨਿਆਂ ’ਚ ਕਰੇਗਾ 2500 ਤੋਂ ਵਧੇਰੇ ਨੌਜਵਾਨਾਂ ਦੀ ਭਰਤੀ

ਜਲੰਧਰ – ਸਟਾਫ ਸ਼ਾਰਟੇਜ ਦੀ ਸਮੱਸਿਆ ਨਾਲ ਨਜਿੱਠਣ ਲਈ ਪਾਵਰਕਾਮ ਵੱਲੋਂ ਬਹੁਤ ਜਲਦ 2500 ਤੋਂ ਵੱਧ ਏ. ਐੱਲ. ਐੱਮ. (ਅਸਿਸਟੈਂਟ ਲਾਈਨਮੈਨ) ਭਰਤੀ ਕੀਤੇ ਜਾਣਗੇ। ਅਰਜ਼ੀਆਂ ਮੰਗਣ ਸਬੰਧੀ ਪ੍ਰਕਿਰਿਆ ਵਿਭਾਗ ਦੁਆਰਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਭਰਤੀ ਖੋਲ੍ਹ ਕੇ ਅਰਜ਼ੀਆਂ ਮੰਗੀਆਂ ਜਾਣਗੀਆਂ। ਪੀ. ਐੱਸ. ਪੀ. ਸੀ. ਐੱਲ. ਦੇ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਜਸਬੀਰ ਸਿੰਘ ਨੇ ਕਿਹਾ ਕਿ ਪੱਕੇ ਤੌਰ ’ਤੇ ਹੋਣ ਵਾਲੀ ਇਸ ਭਰਤੀ ਪ੍ਰਕਿਰਿਆ ਨਾਲ 2500 ਤੋਂ ਵੱਧ ਨੌਜਵਾਨਾਂ ਨੂੰ ਪੱਕੇ ਤੌਰ ’ਤੇ ਰੋਜ਼ਗਾਰ ਮਿਲੇਗਾ ਤੇ ਵਿਭਾਗ ’ਚ ਸਟਾਫ ਦੀ ਕਮੀ ਦਾ ਹੱਲ ਹੋਵੇਗਾ।

ਮਾਝੇ ਦੇ ਇਤਿਹਾਸਕ ਪਿੰਡ ਸੁਰਸਿੰਘ ਵਾਸੀ ਜਸਬੀਰ ਸਿੰਘ ਨੇ ਕਿਹਾ ਕਿ ਸਟਾਫ ਸ਼ਾਰਟੇਜ ਦੇ ਹੱਲ ਸਬੰਧੀ ਵਿਭਾਗ ਦੁਆਰਾ ਵਿਆਪਕ ਕਦਮ ਚੁੱਕੇ ਜਾ ਰਹੇ ਹਨ, ਇਸੇ ਲੜੀ ’ਚ ਪਿਛਲੇ ਦਿਨੀਂ ਐੱਸ. ਡੀ. ਓ. ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੱਕੇ ਅਸਿਸਟੈਂਟ ਲਾਈਨਮੈਨ ਦੀ ਭਰਤੀ ਨਾਲ ਬਿਜਲੀ ਖਪਤਕਾਰਾਂ ਨੂੰ ਵੱਡੇ ਪੱਧਰ ’ਤੇ ਲਾਭ ਹੋਵੇਗਾ। ਨਵਾਂ ਫੀਲਡ ਸਟਾਫ ਆਉਣ ਨਾਲ ਬਿਜਲੀ ਖਰਾਬੀ ਸਬੰਧੀ ਸ਼ਿਕਾਇਤਾਂ ਦਾ ਤੁਰੰਤ ਪ੍ਰਭਾਵ ਨਾਲ ਹੱਲ ਹੋ ਸਕੇਗਾ।

ਡਾਇਰੈਕਟਰ ਐਡਮਿਨਿਸਟ੍ਰੇਸ਼ਨ ਜਸਬੀਰ ਸਿੰਘ ਨੇ ਕਿਹਾ ਕਿ ਵਿਭਾਗ ਦੁਆਰਾ ਸ਼ੁਰੂਆਤ ’ਚ 2500 ਤੋਂ ਵੱਧ ਏ. ਐੱਲ. ਐੱਮ. ਭਰਤੀ ਕੀਤੇ ਜਾ ਰਹੇ ਹਨ ਤੇ ਦੂਜੇ ਪੜਾਅ ’ਚ ਡਿਮਾਂਡ ਦੇ ਮੁਤਾਬਿਕ ਪੋਸਟਾਂ ਕੱਢੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੈ। ਕੁਸ਼ਤੀ ਦੇ ਖਿਡਾਰੀ ਜਸਬੀਰ ਸਿੰਘ ਨੇ ਕਿਹਾ ਕਿ ਵਿਭਾਗ ’ਚ ਖਿਡਾਰੀਆਂ ਦੀ ਭਰਤੀ ਨੂੰ ਲੈ ਕੇ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਤਾਂ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ। ਜਸਬੀਰ ਸਿੰਘ ਨੇ ਕਿਹਾ ਕਿ ਵਿਭਾਗ ਦੁਆਰਾ ਹੋਰ ਅਹੁਦਿਆਂ ’ਤੇ ਭਰਤੀ ਪ੍ਰਕਿਰਿਆ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ, ਵਿਭਾਗ ’ਚ ਲੋੜ ਮੁਤਾਬਿਕ ਨਵੀਂ ਭਰਤੀ ਪ੍ਰਕਿਰਿਆ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।

Add a Comment

Your email address will not be published. Required fields are marked *