ਮੁਕੇਸ਼ ਅੰਬਾਨੀ ਦੇ ਤਿੰਨੋ ਬੱਚੇ ਰਿਲਾਇੰਸ ਕੰਪਨੀ ਤੋਂ ਨਹੀਂ ਲੈਣਗੇ ਤਨਖ਼ਾਹ

ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਲਿਮੀਟੇਡ ਦੇ ਨਿਰਦੇਸ਼ਕ ਬਣਾਏ ਗਏ ਅੰਬਾਨੀ ਪਰਿਵਾਰ ਦੇ ਤਿੰਨੇ ਉੱਤਰਾਧਿਕਾਰੀ ਕੰਪਨੀ ਤੋਂ ਕੋਈ ਵੀ ਤਨਖ਼ਾਹ ਨਹੀਂ ਲੈਣਗੇ। ਉਹਨਾਂ ਨੂੰ ਸਿਰਫ਼ ਬੋਰਡ ਆਫ਼ ਡਾਇਰੈਕਟਰਜ਼ ਅਤੇ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੀ ਫ਼ੀਸ ਦਿੱਤੀ ਜਾਵੇਗੀ। ਕੰਪਨੀ ਨੇ ਉਹਨਾਂ ਦੀ ਨਿਯੁਕਤੀ ‘ਤੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਲੈਣ ਲਈ ਰੱਖੇ ਗਏ ਪ੍ਰਸਤਾਵ ‘ਚ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਸਾਲ 2020-21 ਤੋਂ ਹੀ ਕੋਈ ਤਨਖ਼ਾਹ ਨਹੀਂ ਲੈ ਰਹੇ। ਉਨ੍ਹਾਂ ਦੇ ਤਿੰਨੇ ਬੱਚੇ, ਆਕਾਸ਼, ਅਨੰਤ ਅਤੇ ਈਸ਼ਾ ਨੂੰ ਨਿਰਦੇਸ਼ਕ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਦਾ ਐਲਾਨ ਅਗਸਤ ਦੇ ਮਹੀਨੇ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਕੀਤਾ ਸੀ। 

ਰਿਲਾਇੰਸ ਨੇ ਹੁਣ ਆਪਣੇ ਸ਼ੇਅਰਹੋਲਡਰਾਂ ਨੂੰ ਡਾਕ ਰਾਹੀਂ ਚਿੱਠੀ ਭੇਜ ਕੇ ਇਨ੍ਹਾਂ ਤਿੰਨਾਂ ਦੀ ਨਿਯੁਕਤੀ ਲਈ ਉਨ੍ਹਾਂ ਤੋਂ ਮਨਜ਼ੂਰੀ ਮੰਗੀ ਹੈ। ਇਸ ਨੋਟਿਸ ‘ਚ ਕਿਹਾ ਗਿਆ ਹੈ ਕਿ ਨਿਰਦੇਸ਼ਕਾਂ ਨੂੰ ਸਿਰਫ਼ ਨਿਰਦੇਸ਼ਕ ਮੰਡਲ ਦੀਆਂ ਬੈਠਕਾਂ ‘ਚ ਸ਼ਾਮਲ ਹੋਣ ਲਈ ਹੀ ਭੁਗਤਾਨ ਕੀਤਾ ਜਾਵੇਗਾ ਅਤੇ ਉਹ ਨਿਰਦੇਸ਼ਕ ਦੇ ਤੌਰ ‘ਤੇ ਕੋਈ ਵੀ ਤਨਖ਼ਾਹ ਨਹੀਂ ਲੈਣਗੇ। 

ਈਸ਼ਾ ਅੰਬਾਨੀ ਰਿਲਾਇੰਸ ਦੇ ਰਿਟੇਲ ਕਾਰੋਬਾਰ ਰਿਲਾਇੰਸ ਰਿਟੇਲ ਦੀ ਕਮਾਨ ਸੰਭਾਲ ਰਹੀ ਹੈ। ਇਸ ਦੇ ਨਾਲ ਹੀ ਆਕਾਸ਼ ਅੰਬਾਨੀ ਟੈਲੀਕਾਮ ਕਾਰੋਬਾਰ ਜੀਓ ਦੀ ਕਮਾਨ ਸੰਭਾਲ ਰਹੇ ਹਨ। ਉਸਦਾ ਭਰਾ ਅਨੰਤ ਅੰਬਾਨੀ ਰਿਲਾਇੰਸ ਦੇ ਊਰਜਾ ਅਤੇ ਨਵਿਆਉਣਯੋਗ ਊਰਜਾ ਕਾਰੋਬਾਰ ਦਾ ਮਾਲਕ ਹੈ। ਮੁਕੇਸ਼ ਅੰਬਾਨੀ ਨੇ ਆਪਣੀ ਉੱਤਰਾਧਿਕਾਰੀ ਯੋਜਨਾ ਦੇ ਹਿੱਸੇ ਵਜੋਂ ਆਪਣੇ ਸਾਰੇ ਬੱਚਿਆਂ ਵਿੱਚ ਕਾਰੋਬਾਰ ਦੇ ਵੱਖ-ਵੱਖ ਹਿੱਸਿਆਂ ਨੂੰ ਵੰਡਿਆ ਹੈ। ਹਾਲਾਂਕਿ ਉਹ ਅਗਲੇ ਪੰਜ ਸਾਲਾਂ ਤੱਕ ਕੰਪਨੀ ਦੇ ਚੇਅਰਮੈਨ ਬਣੇ ਰਹਿਣਗੇ।

Add a Comment

Your email address will not be published. Required fields are marked *