ਵਿਦਿਆਰਥੀਆਂ ਦੇ ਖ਼ਾਤਿਆਂ ‘ਚ ਆਇਆ ਦੁੱਗਣਾ-ਤਿੱਗਣਾ ਵਜ਼ੀਫ਼ਾ

ਲੁਧਿਆਣਾ : ਸੈਸ਼ਨ 2022-23 ਦੌਰਾਨ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ. ਸੀ. ਐਂਡ ਅਦਰਜ਼ ਯੋਜਨਾ ਤਹਿਤ ਪੀ. ਐੱਫ. ਐੱਮ. ਐੱਸ. ਪੋਰਟਲ ’ਚ ਤਕਨੀਕੀ ਗੜਬੜ ਕਾਰਨ ਕੁੱਝ ਵਿਦਿਆਰਥੀਆਂ ਨੂੰ ਦੁੱਗਣਾ-ਤਿੱਗਣਾ ਵਜ਼ੀਫਾ ਮਿਲਣ ’ਤੇ ਸਬੰਧਿਤ ਸਕੂਲਾਂ ਤੋਂ ਰਿਕਵਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਡਾਇਰੈਕਟੋਰੇਟ ਜਨਰਲ ਆਫ ਸਕੂਲ ਐਜੂਕੇਸ਼ਨ ਆਫਿਸ ’ਚ ਤਾਇਨਾਤ ਸਾਇਕ ਡਾਇਰੈਕਟਰ ਗੁਰਜੋਤ ਸਿੰਘ ਵੱਲੋਂ ਜਾਰੀ ਪੱਤਰ ’ਚ ਲਿਖਿਆ ਗਿਆ ਹੈ ਕਿ ਸਾਲ 2022-23 ਦੌਰਾਨ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ. ਸੀ. ਐਂਡ ਆਦਰਸ਼ ਸਕੀਮ ਦੇ ਤਹਿਤ ਭਾਰਤ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਵਜ਼ੀਫੇ ਦਾ ਭੁਗਤਾਨ ਪੀ. ਐੱਫ. ਐੱਮ. ਐੱਸ. ਜ਼ਰੀਏ ਮੁੱਖ ਦਫ਼ਤਰ ਵੱਲੋਂ ਕੀਤਾ ਜਾ ਰਿਹਾ ਹੈ। ਵਜ਼ੀਫੇ ਦੇ ਭੁਗਤਾਨ ਕਰਦੇ ਸਮੇਂ ਪੀ. ਐੱਫ. ਐੱਮ. ਐੱਸ. ਪੋਰਟਲ ’ਚ ਤਕਨੀਕੀ ਗੜਬੜ ਕਾਰਨ 23001 ਪਾਤਰ ਲਾਭਪਾਤਰੀਆਂ ਨੂੰ ਡਬਲ ਭੁਗਤਾਨ ਅਤੇ 694 ਪਾਤਰ ਲਾਭਪਾਤਰੀਆਂ ਨੂੰ ਟ੍ਰਿੱਪਲ ਭੁਗਤਾਨ ਪ੍ਰਾਪਤ ਹੋਇਆ ਹੈ।

ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸ) ਨੂੰ ਪੱਤਰ ਲਿਖਿਆ ਗਿਆ ਹੈ ਕਿ ਉਹ ਆਪਣੇ ਅਧੀਨ ਸਕੂਲ ਮੁਖੀਆਂ ਨੂੰ ਜਾਰੀ ਕੀਤੀ ਗਈ ਸੂਚੀ ’ਚ ਸ਼ਾਮਲ ਸਾਰੇ ਵਿਦਿਆਰਥੀਆਂ ਤੋਂ ਰਿਕਵਰੀ ਕੀਤੀ ਗਈ ਵਜ਼ੀਫਾ ਰਾਸ਼ੀ ਨੂੰ ਹੈੱਡ ਆਫਿਸ ਦੇ ਪ੍ਰਤੀ ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ. ਸੀ. ਐਂਡ ਅਦਰਸ ਯੋਜਨਾ ਨਾਲ ਸਬੰਧਿਤ ਐੱਸ. ਐੱਨ. ਏ. ਐੱਸ. ਐੱਨ. ਏ. ਖ਼ਾਤੇ ’ਚ ਜਮ੍ਹਾਂ ਕਰਵਾ ਰਸੀਦ ਦੇ ਨਾਲ ਸਬੰਧਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐੱਸ.) ਨੂੰ ਰਿਪੋਰਟ ਕਰਨਗੇ। ਸਕੂਲ ਮੁਖੀ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਸਕੂਲ ਦੀ ਕੁੱਲ ਰਿਕਵਰ ਕੀਤੀ ਗਈ ਰਾਸ਼ੀ ਇਕੱਠੀ ਜਮ੍ਹਾਂ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਸਬੰਧਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਜ਼ਿਲ੍ਹੇ ਨਾਲ ਸਬੰਧਿਤ ਸਾਰੇ ਸਕੂਲਾਂ ਦੀ ਰਿਪੋਰਟ ਕੰਪਾਈਲ ਕਰਦੇ ਹੋਏ ਮੁੱਖ ਦਫ਼ਤਰ ਨੂੰ ਭੇਜੀ ਜਾਵੇ।

ਦੁੱਗਣੇ-ਤਿੱਗਣੇ ਵਜ਼ੀਫੇ ਦੀ ਅਦਾਇਗੀ ਵਾਲੇ ਵਿਦਿਆਰਥੀਆਂ ਨੂੰ ਵਾਧੂ ਵਜ਼ੀਫਾ ਵਾਪਸ ਕਰਨ ਸਬੰਧੀ ਈ-ਪੰਜਾਬ ਪੋਰਟਲ ’ਤੇ ਹੈੱਡ ਆਫਿਸ ਤੋਂ ਵਜ਼ੀਫੇ ਲਈ ਅਪਲਾਈ ਕੀਤੇ ਗਏ ਮੋਬਾਇਲ ਨੰਬਰਾਂ ’ਤੇ ਵੀ ਸੁਨੇਹੇ ਭੇਜੇ ਜਾ ਰਹੇ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸੂਚੀ ’ਚ ਦਰਜ ਵਿਦਿਆਰਥੀਆਂ ਦੇ ਬੈਂਕ ਖ਼ਾਤਿਆਂ ’ਚ ਦੋ ਵਾਰ/ਤਿੰਨ ਵਾਰ ਭੁਗਤਾਨ ਦੀ ਜਾਂਚ ਤੋਂ ਬਾਅਦ ਹੀ ਵਜ਼ੀਫੇ ਦੀ ਰਿਕਵਰੀ ਯਕੀਨੀ ਬਣਾਈ ਜਾਵੇ ਕਿਉਂਕਿ ਪ੍ਰਤੀ ਵਿਦਿਆਰਥੀ 1400 ਰੁਪਏ ਸਟੇਟ ਸ਼ੇਅਰ ਅਤੇ 2100 ਰੁਪਏ ਕੇਂਦਰ ਸ਼ੇਅਰ ਦਾ ਭੁਗਤਾਨ ਕੀਤਾ ਜਾਣਾ ਸੀ। ਜੇਕਰ ਇਸ ਤੋਂ ਇਲਾਵਾ ਪੀ. ਐੱਫ. ਐੱਮ. ਐੱਸ. ਦੇ ਸਬੰਧਿਤ ਖ਼ਾਤੇ ’ਚ 1400 ਜਾਂ 2800 ਰੁ. ਦੀ ਵਾਧੂ ਐਂਟਰੀ ਕੀਤੀ ਗਈ ਹੈ ਤਾਂ ਉਸ ਦੀ ਰਿਕਵਰੀ ਕੀਤੀ ਜਾਵੇਗੀ।

Add a Comment

Your email address will not be published. Required fields are marked *