ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟ੍ਰੈਫਿਕ ਨਿਯਮਾਂ ਦੀ ਕੀਤੀ ਉਲੰਘਣਾ

ਲਾਹੌਰ— ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ‘ਤੇ ਸੋਮਵਾਰ ਨੂੰ ਟ੍ਰੈਫਿਕ ਪੁਲਸ ਨੇ ਡਰਾਈਵਿੰਗ ਲਾਇਸੈਂਸ ਨਾ ਹੋਣ ਅਤੇ ਲੇਨ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਲਗਾਇਆ ਹੈ। ਟ੍ਰੈਫਿਕ ਪੁਲਸ ਮੁਤਾਬਕ ਰਾਸ਼ਟਰੀ ਕ੍ਰਿਕਟ ਟੀਮ ਦੇ ਕਪਤਾਨ ਨੂੰ 17 ਸਤੰਬਰ ਨੂੰ ਲਾਹੌਰ ਦੇ ਗੁਲਬਰਗ ‘ਚ 2,000 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬਾਬਰ ਨੂੰ ਪਹਿਲਾਂ ਲੇਨ ਦੀ ਉਲੰਘਣਾ ਕਰਨ ਲਈ ਰੋਕਿਆ ਗਿਆ ਸੀ, ਪਰ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਬਿਨਾਂ ਲਾਇਸੈਂਸ ਦੇ ਗੱਡੀ ਚਲਾ ਰਿਹਾ ਸੀ।

ਰਾਸ਼ਟਰੀ ਟੀਮ ਦੇ ਕਪਤਾਨ ਅਗਲੇ ਮਹੀਨੇ ਭਾਰਤ ‘ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ‘ਚ ਪਾਕਿਸਤਾਨੀ ਟੀਮ ਦੀ ਅਗਵਾਈ ਕਰਨ ਦੀ ਤਿਆਰੀ ਕਰ ਰਹੇ ਹਨ। ਭਾਰਤ ਸਰਕਾਰ ਵੱਲੋਂ ਵੀਜ਼ਾ ਜਾਰੀ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਕਾਰਨ ਟੀਮ ਅਨਿਸ਼ਚਿਤ ਸਥਿਤੀ ਦਾ ਸਾਹਮਣਾ ਕਰ ਰਹੀ ਸੀ। ਹਾਲਾਂਕਿ, ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਭਾਗੀਦਾਰੀ ਨੂੰ ਲੈ ਕੇ ਅਨਿਸ਼ਚਿਤਤਾ ਖਤਮ ਹੋ ਗਈ ਕਿਉਂਕਿ ਅੰਤ ਵਿੱਚ ਭਾਰਤ ਨੇ ਪਾਕਿਸਤਾਨੀ ਟੀਮ ਨੂੰ ਵੀਜ਼ਾ ਜਾਰੀ ਕਰ ਦਿੱਤਾ।

ਆਈ. ਸੀ. ਸੀ. ਵੱਲੋਂ ਇਹ ਪੁਸ਼ਟੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਦੇਰੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਆਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਵੀਜ਼ਾ ਦੇਰੀ ਦੀ ਸ਼ਿਕਾਇਤ ਕਰਦੇ ਹੋਏ ਗਵਰਨਿੰਗ ਬਾਡੀ ਨੂੰ ਪੱਤਰ ਲਿਖਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਨੇ ਸਰਹੱਦ ਪਾਰ ਸ਼ੋਅਪੀਸ ਈਵੈਂਟ ਲਈ ਟੀਮ ਦੀਆਂ ਤਿਆਰੀਆਂ ਵਿੱਚ ਰੁਕਾਵਟ ਪਾਈ ਹੈ। ਆਈ. ਸੀ. ਸੀ. ਦੇ ਬੁਲਾਰੇ ਨੇ ਹੋਰ ਵੇਰਵੇ ਦਿੱਤੇ ਬਿਨਾਂ ਰਾਇਟਰਜ਼ ਨੂੰ ਦੱਸਿਆ, “ਪਾਕਿਸਤਾਨੀ ਟੀਮ ਨੂੰ ਵੀਜ਼ਾ ਜਾਰੀ ਕਰ ਦਿੱਤਾ ਗਿਆ ਹੈ।

ਪੀ. ਸੀ. ਬੀ. ਦੇ ਬੁਲਾਰੇ ਉਮਰ ਫਾਰੂਕ ਨੇ ਰਾਇਟਰਜ਼ ਨੂੰ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਆਪਣੇ ਪਾਸਪੋਰਟ ਇਕੱਠੇ ਕਰਨ ਲਈ ਕਿਹਾ ਗਿਆ ਹੈ। ਮਾੜੇ ਸਿਆਸੀ ਸਬੰਧਾਂ ਦੇ ਕਾਰਨ, ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੀ ਕ੍ਰਿਕਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਸ਼ਵ ਕੱਪ ਅਤੇ ਏਸ਼ੀਆ ਕੱਪ ਵਰਗੇ ਬਹੁ-ਟੀਮ ਮੁਕਾਬਲਿਆਂ ਵਿੱਚ ਹੀ ਇੱਕ ਦੂਜੇ ਨਾਲ ਖੇਡਦੇ ਹਨ।

Add a Comment

Your email address will not be published. Required fields are marked *