ਮੈਰਿਜ ਹਾਲ ‘ਚ ਲੱਗੀ ਭਿਆਨਕ ਅੱਗ, 100 ਲੋਕਾਂ ਦੀ ਮੌਤ

ਉੱਤਰੀ ਇਰਾਕ ‘ਚ ਇਕ ਮੈਰਿਜ ਹਾਲ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 150 ਦੇ ਕਰੀਬ ਲੋਕ ਬੁਰੀ ਤਰ੍ਹਾਂ ਝੁਲਸ ਗਏ। ਅਧਿਕਾਰੀਆਂ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਇਰਾਕ ਦੇ ਨਿਨੇਵੇਹ ਸੂਬੇ ਦੇ ਹਮਦਾਨੀਆ ਇਲਾਕੇ ‘ਚ ਲੱਗੀ। ਇਹ ਮੁੱਖ ਰੂਪ ਨਾਲ ਈਸਾਈਆਂ ਦਾ ਇਲਾਕਾ ਹੈ, ਜੋ ਉੱਤਰੀ ਸ਼ਹਿਰ ਮੌਸੂਲ ਦੇ ਠੀਕ ਬਾਹਰ ਹੈ ਅਤੇ ਰਾਜਧਾਨੀ ਬਗਦਾਦ ਤੋਂ ਕਰੀਬ 335 ਕਿਲੋਮੀਟਰ ਉੱਤਰ-ਪੱਛਮੀ ‘ਚ ਹੈ।

ਟੈਲੀਵਿਜ਼ਨ ਫੁਟੇਜ ‘ਚ ਮੈਰਿਜ ਹਾਲ ਦੇ ਅੰਦਰ ਸੜੇ ਹੋਏ ਮਲਬੇ ਨੂੰ ਦਿਖਾਇਆ ਗਿਆ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਸੈਫ ਅਲ ਬਦਰ ਨੇ ਸਰਕਾਰੀ ਇਰਾਕੀ ਨਿਊਜ਼ ਏਜੰਸੀ ਦੇ ਮਾਧਿਅਮ ਰਾਹੀਂ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਦੀ ਜਾਣਕਾਰੀ ਦਿੱਤੀ। ਅਲ ਬਦਰ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਿਨੇਵੇਹ ਦੇ ਸੂਬਾਈ ਗਵਰਨਰ ਨਜੀਮ ਅਲ ਜੁਬੈਰੀ ਨੇ ਕਿਹਾ ਕਿ ਕੁੱਝ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ‘ਚ ਰੈਫ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਨਾਲ ਹੁਣ ਤੱਕ ਝੁਲਸੇ ਲੋਕਾਂ ਦੀ ਗਿਣਤੀ ਕੋਈ ਆਖ਼ਰੀ ਗਿਣਤੀ ਨਹੀਂ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਅਜੇ ਵੀ ਵੱਧ ਸਕਦੀ ਹੈ। ਅੱਗ ਲੱਗਣ ਦੇ ਕਾਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਪਤਾ ਲੱਗਿਆ ਹੈ ਕਿ ਪ੍ਰੋਗਰਾਮ ਵਾਲੀ ਥਾਂ ‘ਤੇ ਆਤਿਸ਼ਬਾਜ਼ੀ ਨਾਲ ਅੱਗ ਲੱਗੀ ਹੋਵੇਗੀ। ਇਰਾਕੀ ਨਿਊਜ਼ ਏਜੰਸੀ ਦੇ ਹਵਾਲੇ ਨਾਲ ਨਾਗਰਿਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਮੈਰਿਜ ਹਾਲ ਦੇ ਬਾਹਰੀ ਹਿੱਸੇ ਨੂੰ ਬਹੁਤ ਜ਼ਿਆਦਾ ਜਲਣਸ਼ੀਲ ਚੀਜ਼ਾਂ ਨਾਲ ਸਜਾਇਆ ਗਿਆ ਸੀ, ਜੋ ਦੇਸ਼ ‘ਚ ਗੈਰ ਕਾਨੂੰਨੀ ਸਨ। 

Add a Comment

Your email address will not be published. Required fields are marked *