ਧਰਮਿੰਦਰ ਨੇ ਅਮਰੀਕਾ ਦੌਰੇ ਲਈ ਪੁੱਤਰ ਸੰਨੀ ਦਿਓਲ ਦਾ ਕੀਤਾ ਧੰਨਵਾਦ

ਮੁੰਬਈ – ਧਰਮਿੰਦਰ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪੁੱਤਰ ਸੰਨੀ ਦਿਓਲ ਨਾਲ ਇਕ ਵੀਡੀਓ ਸਾਂਝੀ ਕੀਤੀ। ਵੀਡੀਓ ’ਚ ਧਰਮਿੰਦਰ ਸੰਨੀ ਦਾ ਵਾਰ-ਵਾਰ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸੰਨੀ ਹਾਲ ਹੀ ’ਚ ਆਪਣੀ ਮਾਂ ਪ੍ਰਕਾਸ਼ ਕੌਰ ਤੇ ਪਿਤਾ ਧਰਮਿੰਦਰ ਨਾਲ ਅਮਰੀਕਾ ਦੀਆਂ ਛੁੱਟੀਆਂ ’ਤੇ ਗਏ ਸਨ, ਜਿਥੇ ਸੰਨੀ ਆਪਣੇ ਮਾਤਾ-ਪਿਤਾ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਸਨ।

ਵੀਡੀਓ ’ਚ ਧਰਮਿੰਦਰ ਕਹਿੰਦੇ ਹਨ, ‘‘ਸੰਨੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਮੈਂ ਤੁਹਾਡੇ ਨਾਲ ਯਾਤਰਾ ਦਾ ਸੱਚਮੁੱਚ ਆਨੰਦ ਲਿਆ। ਸੰਨੀ ਤੈਨੂੰ ਬਹੁਤ ਪਿਆਰ ਕਰਦਾ ਹਾਂ। ਆਪਣਾ ਖਿਆਲ ਰੱਖੋ, ਤੁਹਾਡੀ ਜ਼ਿੰਦਗੀ ’ਚ ਕਈ ਚੰਗੇ ਦਿਨ ਆਉਣ ਵਾਲੇ ਹਨ।’’ ਇਸ ਦੇ ਜਵਾਬ ’ਚ ਸੰਨੀ ਨੇ ਕਿਹਾ, ‘‘ਮੈਂ ਪਾਪਾ ਨੂੰ ਪਿਆਰ ਕਰਦਾ ਹਾਂ, ਧੰਨਵਾਦ।’’ ਵੀਡੀਓ ਸਾਂਝੀ ਕਰਦਿਆਂ ਧਰਮਿੰਦਰ ਨੇ ਲਿਖਿਆ, ‘‘ਦੋਸਤੋ, ਦਿਲ ਤੋਂ ਪਿਆਰ, ਦੁਆਵਾਂ, ਖ਼ੁਸ਼ ਰਹੋ, ਸਿਹਤਮੰਦ ਰਹੋ।’’

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਧਰਮਿੰਦਰ ਨੇ ਟਵਿਟਰ ’ਤੇ ਸੰਨੀ ਲਈ ਇਕ ਬਹੁਤ ਹੀ ਭਾਵੁਕ ਨੋਟ ਸਾਂਝਾ ਕੀਤਾ ਸੀ। ਉਨ੍ਹਾਂ ਲਿਖਿਆ, ‘‘ਦੋਸਤੋ ਉਹ ਪਿਤਾ ਖ਼ੁਸ਼ਕਿਸਮਤ ਹੈ, ਜਿਸ ਦਾ ਪੁੱਤਰ ਕਦੇ-ਕਦੇ ਪਿਤਾ ਬਣ ਜਾਂਦਾ ਹੈ ਤੇ ਉਸ ਨੂੰ ਬੱਚੇ ਵਾਂਗ ਪਾਲਦਾ ਹੈ। ਸੰਨੀ ਮੈਨੂੰ ਅਮਰੀਕਾ ਲੈ ਆਇਆ। ‘ਗਦਰ 2’ ਨੂੰ ਸਫਲ ਤੇ ਬਲਾਕਬਸਟਰ ਬਣਾਉਣ ਲਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।’’ ਹਾਲ ਹੀ ’ਚ ਖ਼ਬਰਾਂ ਆਈਆਂ ਸਨ ਕਿ ਸੰਨੀ ਦਿਓਲ ਆਪਣੇ ਪਿਤਾ ਧਰਮਿੰਦਰ ਨੂੰ ਇਲਾਜ ਲਈ ਅਮਰੀਕਾ ਲੈ ਗਏ ਹਨ। ਹਾਲਾਂਕਿ ਬਾਅਦ ’ਚ ਸੰਨੀ ਦਿਓਲ ਦੇ ਬੁਲਾਰੇ ਨੇ ਕਿਹਾ ਕਿ ਇਹ ਖ਼ਬਰਾਂ ਗਲਤ ਹਨ। ਉਨ੍ਹਾਂ ਦੱਸਿਆ ਕਿ ਸੰਨੀ ਦਿਓਲ ਆਪਣੇ ਪਿਤਾ ਧਰਮਿੰਦਰ ਤੇ ਮਾਤਾ ਪ੍ਰਕਾਸ਼ ਕੌਰ ਨਾਲ ਅਮਰੀਕਾ ਦੇ ਦੌਰੇ ’ਤੇ ਗਏ ਹਨ। ਦਿਓਲ ਪਰਿਵਾਰ ਕਰੀਬ ਇਕ ਮਹੀਨੇ ਤੱਕ ਅਮਰੀਕਾ ’ਚ ਛੁੱਟੀਆਂ ਦਾ ਆਨੰਦ ਮਾਣੇਗਾ।

Add a Comment

Your email address will not be published. Required fields are marked *