ਨਿਊਜ਼ੀਲੈਂਡ ‘ਚ ਸਮਾਂ ਤਬਦੀਲੀ, ਘੜੀਆਂ ਇਕ ਘੰਟਾ ਹੋਈਆਂ ਅੱਗੇ

ਨਿਊਜ਼ੀਲੈਂਡ ਵਿਚ ‘ਡੇਅ ਲਾਈਟ ਸੇਵਿੰਗ’ ਤਹਿਤ ਘੜੀਆਂ ਦਾ ਸਮਾਂ ਬੀਤੇ ਦਿਨ 24 ਸਤੰਬਰ ਦਿਨ ਐਤਵਾਰ ਤੋਂ ਇਕ ਘੰਟਾ ਅੱਗੇ ਕਰ ਦਿੱਤਾ ਗਿਆ। ਇਹ ਸਮਾਂ ਇਸੇ ਤਰ੍ਹਾਂ 07 ਅਪ੍ਰੈਲ, 2024 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਪਿੱਛੇ ਕਰ ਦਿੱਤੀਆਂ ਜਾਣਗੀਆਂ ਤੇ ਡੇਅ ਲਾਈਟ ਸੇਵਿੰਗ ਖ਼ਤਮ ਹੋਵੇਗੀ। ਆਮ ਤੌਰ ’ਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਕ ਦਿਨ ਪਹਿਲਾਂ ਯਾਨੀ ਕਿ ਸ਼ਨੀਵਾਰ (23 ਸਤੰਬਰ) ਨੂੰ ਸੌਣ ਤੋਂ ਪਹਿਲਾਂ ਆਪਣੀਆਂ ਘੜੀਆਂ ਇਕ ਘੰਟਾ ਅੱਗੇ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ। ਸਮਾਰਟ ਫੋਨਾਂ ‘ਤੇ ਇਹ ਸਮਾਂ ਅਕਸਰ ਆਪਣੇ ਆਪ ਬਦਲ ਜਾਂਦਾ ਹੈ। 25 ਸਤੰਬਰ ਨੂੰ ਸੂਰਜ ਸਵੇਰੇ 6:10 ਵਜੇ ਦੀ ਥਾਂ 7:08 ‘ਤੇ ਚੜ੍ਹਿਆ ਅਤੇ ਸ਼ਾਮ 7:18 ਮਿੰਟ ‘ਤੇ ਛਿਪੇਗਾ।

24 ਸਤੰਬਰ ਨੂੰ ਲੋਕਾਂ ਨੂੰ ਸੂਰਜ ਇਕ ਘੰਟਾ ਲੇਟ ਚੜ੍ਹਿਆ ਹੋਇਆ ਤੇ ਇਕ ਘੰਟਾ ਬਾਅਦ ਵਿਚ ਸੂਰਜ ਛਿਪਦਾ ਮਹਿਸੂਸ ਹੋਇਆ। ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵੱਜਣਗੇ ਤਾਂ ਨਿਊਜ਼ੀਲੈਂਡ ਦੇ ਵਿਚ ਸ਼ਾਮ ਦੇ 7:30 ਹੋਇਆ ਕਰਨਗੇ ਜਾਂ ਕਹਿ ਲਈਏ ਜਦੋਂ ਨਿਊਜ਼ੀਲੈਂਡ ਦੁਪਹਿਰ ਦੇ 12 ਵਜੇ ਹੋਣਗੇ ਤਾਂ ਭਾਰਤ ਵਿਚ ਸਵੇਰ ਦੇ 4:30 ਹੋਇਆ ਕਰਨਗੇ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿਚ ਸਤੰਬਰ, ਅਕਤੂਬਰ ਅਤੇ ਨਵੰਬਰ ਬਸੰਤ ਦੇ ਮਹੀਨੇ ਹਨ ਅਤੇ ਇਸ ਦੌਰਾਨ ਬਨਸਪਤੀ ਖੂਬ ਖਿੜ ਉਠਦੀ ਹੈ। ਉਸ ਤੋਂ ਬਾਅਦ ਦਸੰਬਰ, ਜਨਵਰੀ ਅਤੇ ਫਰਵਰੀ ਗਰਮੀਆਂ ਦੇ ਮਹੀਨੇ ਹੋਣਗੇ।

ਇਸੇ ਤਰ੍ਹਾਂ ਆਸਟ੍ਰੇਲੀਆ (ਸਿਡਨੀ) ਵਿਚ ਵੀ 01 ਅਕਤੂਬਰ ਨੂੰ ਘੜੀਆਂ ਰਾਤ 2 ਵਜੇ ਇਕ ਘੰਟਾ ਅਗੇ ਹੋ ਜਾਣਗੀਆਂ ਅਤੇ ਇਹ ਬਦਲਿਆ ਸਮਾਂ 7 ਅਪ੍ਰੈਲ 2024 ਤੱਕ ਚੱਲੇਗਾ। ਪਰ ਆਸਟ੍ਰੇਲੀਆ ਦੇ ਉਤਰੀ ਅਤੇ ਪੱਛਮੀ ਹਿਸਿਆਂ ਵਿਖੇ ਸਮਾਂ ਨਹੀਂ ਬਦਲਦਾ ਜਿਵੇਂ ਕਿ ਕੁਈਨਜ਼ਲੈਂਡ, ਨਾਰਦਰਨ ਟੈਰੇਟਰੀ ਅਤੇ ਵੈਸਟਰਨ ਆਸਟ੍ਰੇਲੀਆ। ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵੱਜਣਗੇ ਤਾਂ ਸਿਡਨੀ ਤੇ ਮੈਲਬੌਰਨ ਦੇ ਵਿਚ ਸ਼ਾਮ ਦੇ 05:30 ਵਜੇ ਹੋਣਗੇ।

Add a Comment

Your email address will not be published. Required fields are marked *