‘ਬਿੱਗ ਬੌਸ 17’, ਧਮਾਕੇਦਾਰ ਪ੍ਰੋਮੋ ਨਾਲ ਕੀਤਾ ਐਲਾਨ, ਅੱਗ ਨਾਲ ਖੇਡਣਗੇ ਘਰ ਵਾਲੇ

ਮੁੰਬਈ – ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹੈ। ਸ਼ੋਅ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ ਪ੍ਰੀਮੀਅਰ ਦੀ ਤਾਰੀਖ ਦਾ ਖ਼ੁਲਾਸਾ ਨਹੀਂ ਹੋਇਆ ਸੀ ਪਰ ਪ੍ਰੋਮੋ ਤੋਂ ਇਹ ਸਪੱਸ਼ਟ ਹੈ ਕਿ ਇਹ ਸੀਜ਼ਨ ਬਹੁਤ ਦਿਲਚਸਪ ਤੇ ਵਿਲੱਖਣ ਹੋਵੇਗਾ। ਹੁਣ ਪ੍ਰੀਮੀਅਰ ਦੀ ਤਾਰੀਖ ਦਾ ਐਲਾਨ ਕਰਕੇ ਸਲਮਾਨ ਖ਼ਾਨ ਨੇ ਤਾਜ਼ਾ ਪ੍ਰੋਮੋ ’ਚ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।

‘ਬਿੱਗ ਬੌਸ OTT 2’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸਲਮਾਨ ਖ਼ਾਨ ਇਕ ਵਾਰ ਫਿਰ ‘ਬਿੱਗ ਬੌਸ’ ਦੇ ਅਗਲੇ ਸੀਜ਼ਨ ਨੂੰ ਹੋਸਟ ਕਰਨ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ‘ਬਿੱਗ ਬੌਸ 17’ ਦਾ ਪਹਿਲਾ ਪ੍ਰੋਮੋ ਸਾਹਮਣੇ ਆਇਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਦੂਜਾ ਪ੍ਰੋਮੋ ਦੇਖਣ ਤੋਂ ਬਾਅਦ ਤੁਸੀਂ ਇਸ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰੋਗੇ।

ਨਿਰਮਾਤਾਵਾਂ ਨੇ ਕਲਰਜ਼ ਟੀ. ਵੀ. ’ਤੇ ਪ੍ਰਸਾਰਿਤ ਹੋਣ ਵਾਲੇ ‘ਬਿੱਗ ਬੌਸ 17’ ਦਾ ਨਵਾਂ ਪ੍ਰੋਮੋ ਜਾਰੀ ਕੀਤਾ ਹੈ। ਪ੍ਰੀਮੀਅਰ ਦੀ ਤਾਰੀਖ਼ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ ਹੈ, ‘‘ਇਸ ਵਾਰ ਪਿਆਰ ਦਾ ਇਮਤਿਹਾਨ ਹੋਵੇਗਾ, ਕੁਝ ਜਿੱਤਣਗੇ ਤੇ ਕੁਝ ਹਾਰਨਗੇ।’’ ਪ੍ਰੋਮੋ ’ਚ ਸਲਮਾਨ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਬਿੱਗ ਬੌਸ ’ਚ ਘਰ ਵਾਲਿਆਂ ਨੂੰ ਪਿਆਰ ’ਚ ਸਖ਼ਤ ਇਮਤਿਹਾਨ ਦੇਣਾ ਹੋਵੇਗਾ।

ਇਕ ਹੋਰ ਪ੍ਰੋਮੋ ’ਚ ਸਲਮਾਨ ਖ਼ਾਨ ਨੇ ਦੱਸਿਆ ਕਿ ਇਸ ਵਾਰ ਬਿੱਗ ਬੌਸ ਦੇ ਘਰ ’ਚ ਕਈ ਧਮਾਕੇਦਾਰ ਪ੍ਰਤੀਯੋਗੀ ਆਉਣਗੇ, ਜੋ ਅੱਗ ਨਾਲ ਖੇਡਣਗੇ। ਇਨ੍ਹਾਂ ਪ੍ਰੋਮੋਜ਼ ਦੇ ਨਾਲ ਇਹ ਐਲਾਨ ਕੀਤਾ ਗਿਆ ਹੈ ਕਿ ਇਹ ਸ਼ੋਅ 15 ਅਕਤੂਬਰ ਤੋਂ ਰਾਤ 9 ਵਜੇ ਸ਼ੁਰੂ ਹੋ ਰਿਹਾ ਹੈ। ਤੁਸੀਂ ਇਸ ਨੂੰ OTT ਪਲੇਟਫਾਰਮ ਜੀਓ ਸਿਨੇਮਾ ’ਤੇ 24 ਘੰਟੇ ਲਾਈਵ ਦੇਖ ਸਕਦੇ ਹੋ। ‘ਬਿੱਗ ਬੌਸ 17’ ’ਚ ਕਿਹੜੇ-ਕਿਹੜੇ ਮੁਕਾਬਲੇਬਾਜ਼ ਆਉਣਗੇ, ਇਸ ਦੀ ਸੂਚੀ ਅਜੇ ਜਾਰੀ ਨਹੀਂ ਹੋਈ ਹੈ ਪਰ ਕਈ ਮਸ਼ਹੂਰ ਚਿਹਰਿਆਂ ਨੂੰ ਲੈ ਕੇ ਚਰਚਾ ਜ਼ੋਰਾਂ ’ਤੇ ਹੈ। ਕਿਹਾ ਜਾ ਰਿਹਾ ਹੈ ਕਿ ਅੰਕਿਤਾ ਲੋਖੰਡੇ, ਈਸ਼ਾ ਮਾਲਵੀਆ, ਅਰਿਜੀਤ ਤਨੇਜਾ, ਐਸ਼ਵਰਿਆ ਸ਼ਰਮਾ ਤੇ ਅਰਮਾਨ ਮਲਿਕ ਸਮੇਤ ਕਈ ਸਿਤਾਰੇ ਬਿੱਗ ਬੌਸ ਦੇ ਘਰ ’ਚ ਕੈਦ ਹੋ ਸਕਦੇ ਹਨ।

Add a Comment

Your email address will not be published. Required fields are marked *