ਦੇਸ਼ ਵੰਡ ਵੇਲੇ ਮਾਰੇ ਗਏ ਪੰਜਾਬੀਆਂ ਨੂੰ ਅਕਾਲ ਤਖ਼ਤ ਵਿਖੇ ਦਿੱਤੀ ਜਾਵੇਗੀ ਸ਼ਰਧਾਂਜਲੀ

ਅੰਮ੍ਰਿਤਸਰ, 9 ਅਗਸਤ

ਦੇਸ਼ ਦੀ ਵੰਡ ਵੇਲੇ ਮਾਰੇ ਗਏ ਦਸ ਲੱਖ ਪੰਜਾਬੀਆਂ ਨੂੰ ਇਸ ਵਾਰ ਅਕਾਲ ਤਖ਼ਤ ਵਿਖੇ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਸਬੰਧੀ 14 ਅਗਸਤ ਨੂੰ ਅਖੰਡ ਪਾਠ ਆਰੰਭੇ ਜਾਣਗੇ ਅਤੇ 16 ਅਗਸਤ ਨੂੰ ਸਮਾਪਤੀ ਮੌਕੇ ਸਮੂਹਿਕ ਅਰਦਾਸ ਕੀਤੀ ਜਾਵੇਗੀ। ਇਹ ਜਾਣਕਾਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੀ। ਉਨ੍ਹਾਂ ਇਸ ਸਬੰਧੀ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੂੰ ਦੇਸ਼ ਵੰਡ ਵੇਲੇ ਮਾਰੇ ਗਏ ਪੰਜਾਬੀਆਂ ਦੀ ਯਾਦ ’ਚ 10 ਤੋਂ 16 ਅਗਸਤ ਤੱਕ ਮੂਲ ਮੰਤਰ ਅਤੇ ਜਪੁਜੀ ਸਾਹਿਬ ਦੇ ਪਾਠ ਕਰਨ ਲਈ ਕਿਹਾ ਹੈ। ਇਸ ਦੌਰਾਨ ਉਨ੍ਹਾਂ 16 ਅਗਸਤ ਨੂੰ ਅਕਾਲ ਤਖ਼ਤ ਵਿਖੇ ਹੋਣ ਵਾਲੇ ਸਮਾਗਮ ਵਿੱਚ ਵੰਡ ਵੇਲੇ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹਿੰਦੂ ਭਾਈਚਾਰੇ ਦੇ ਲੋਕ ਵੀ ਆਪਣੇ ਵਡੇਰਿਆਂ ਦੀ ਯਾਦ ਵਿੱਚ 10 ਤੋਂ 16 ਅਗਸਤ ਤਕ ਆਪਣੇ ਧਾਰਮਿਕ ਸਥਾਨਾਂ ’ਤੇ ਪ੍ਰਾਰਥਨਾ ਕਰਨ।

ਦੇਸ਼ ਵੰਡ ਵੇਲੇ ਹਿੰਸਾ ਦਾ ਸ਼ਿਕਾਰ ਹੋਏ ਲੋਕਾਂ ਦੀ ਯਾਦ ’ਚ ਸਮੂਹਿਕ ਅਰਦਾਸ ਕਰਨ ਦੇ ਫ਼ੈਸਲੇ ਦੀ ਵੱਖ-ਵੱਖ ਜਥੇਬੰਦੀਆਂ ਅਤੇ ਆਗੂਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਜਨਰਲ ਸਕੱਤਰ ਸਤੀਸ਼, ਵਿੱਤ ਸਕੱਤਰ ਹਰਜੀਤ ਸਰਕਾਰੀਆ, ਕਮਲ ਗਿੱਲ, ਹਰਜਿੰਦਰ ਕੌਰ ਕੰਗ, ਕਰਮਜੀਤ ਕੌਰ ਜੱਸਲ, ਹਿੰਦ-ਪਾਕਿ ਦੋਸਤੀ ਮੰਚ ਦੇ ਪ੍ਰਧਾਨ ਸਈਦਾ ਹਮੀਦ, ਜਨਰਲ ਸਕੱਤਰ ਸਤਨਾਮ ਮਾਣਕ, ਪ੍ਰਗਤੀਸ਼ੀਲ ਲੇਖਕ ਸੰਘ ਕੁਲ ਹਿੰਦ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਜੱਜ ਨੇ ਸਾਂਝੇ ਬਿਆਨ ’ਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਇਸੇ ਤਰ੍ਹਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਨਾਟਕਕਾਰ ਕੇਵਲ ਧਾਲੀਵਾਲ , ਡਾ. ਆਤਮ ਰੰਧਾਵਾ, ਡਾ. ਇਕਬਾਲ ਕੌਰ ਸੌਂਧ, ਹਰਜੀਤ ਸੰਧੂ, ਸ਼ੈਲਿੰਦਰਜੀਤ ਰਾਜਨ, ਅਤੇ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਵੀ ਜਥੇਦਾਰ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਪੌਣੀ ਸਦੀ ਪਹਿਲਾਂ ਮੁਲਕ ਵੰਡ ਦੌਰਾਨ ਮਾਰੇ ਗਏ ਲੋਕਾਂ ਨੂੰ ਯਾਦ ਕਰਨਾ ਚੰਗੀ ਗੱਲ ਹੈ।

ਵੰਡ ਦਾ ਸੰਤਾਪ ਹੰਢਾਉਣ ਵਾਲੇ ਪੰਜਾਬੀਆਂ ਦੀ ਯਾਦ ਵਿਸਰੀ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਵਿੱਚ 15 ਅਗਸਤ ਨੂੰ ਅਤੇ ਪਾਕਿਸਤਾਨ ਵਿੱਚ 14 ਅਗਸਤ ਨੂੰ ਆਜ਼ਾਦੀ ਦਿਹਾੜੇ ਮਨਾਏ ਜਾ ਰਹੇ ਹਨ। ਜ਼ਸਨ-ਏ-ਆਜ਼ਾਦੀ ਮਨਾਉਣ ਲਈ ਜਿੱਥੇ ਸਰਕਾਰਾਂ, ਪ੍ਰਸ਼ਾਸਨ ਤੇ ਅਵਾਮ ਪੱਬਾਂ ਭਾਰ ਹੈ, ਉਤਸ਼ਾਹਿਤ ਹੈ, ਉੱਥੇ 15 ਅਗਸਤ 1947 ਦੌਰਾਨ ਸਾਂਝੇ ਪੰਜਾਬ ਦੇ ਹੋਏ ਦੋ ਟੁਕੜਿਆਂ ਅਤੇ ਭਾਰਤ-ਪਾਕਿਸਤਾਨ ਦੀ ਵੰਡ ਦੀ ਕੀਮਤ ਆਪਣੇ ਉਜਾੜੇ ਤੇ ਜਾਨ-ਮਾਲ ਦੇ ਭਾਰੀ ਨੁਕਸਾਨ ਦੇ ਰੂਪ ਵਿੱਚ ਚੁਕਾਉਣ ਵਾਲੇ ਲੱਖਾਂ ਪੰਜਾਬੀਆਂ ਦੀ ਯਾਦ ਕਿਤੇ ਚੇਤਿਆਂ ਦੀ ਗਰਦਿਸ਼ ਵਿੱਚ ਗੁਆਚੀ ਨਜ਼ਰ ਆ ਰਹੀ ਹੈ। ਉਸ ਵੇਲੇ ਹੋਈ ਵੰਡ ’ਚ ਦੇਸ਼ ਦੋ ਟੋਟੇ ਹੋ ਗਿਆ ਸੀ ਅਤੇ ਲੱਖਾਂ ਪੰਜਾਬੀ ਇਸ ਉਜਾੜੇ ਦਾ ਸ਼ਿਕਾਰ ਹੋਏ ਸਨ। ਇਸ ਵੰਡ ਵਿੱਚ ਲੋਕਾਂ ਦੇ ਘਰ, ਕਾਰੋਬਾਰ ਅਤੇ ਪਰਿਵਾਰ ਉੱਜੜ ਗਏ ਸਨ। ਇਸ ਦਾ ਸੇਕ ਸਿੱਖ ਭਾਈਚਾਰੇ ਨੂੰ ਵੀ ਲੱਗਾ, ਜਿਸ ਨੂੰ ਆਪਣੇ ਗੁਰੂ ਧਾਮ ਅਤੇ ਖ਼ਾਲਸਾ ਰਾਜ ਨਾਲ ਜੁੜੀਆਂ ਯਾਦਾਂ ਛੱਡਣੀਆਂ ਪਈਆਂ। ਉਨ੍ਹਾਂ ਕਿਹਾ ਕਿ ਇਹ ਵੰਡ ਸਿਆਸੀ ਆਗੂਆਂ ਦੀ ਫਿਰਕਾਪ੍ਰਸਤ ਸੋਚ ਦਾ ਸਿੱਟਾ ਸੀ ਜਿਸ ਨੇ ਲੱਖਾਂ ਪੰਜਾਬੀਆਂ ਦੀ ਜਾਨ ਲੈ ਲਈ ਅਤੇ ਲੱਖਾਂ ਨੂੰ ਘਰੋਂ ਬੇਘਰ ਕਰ ਕੇ ਉਜਾੜ ਦਿੱਤਾ। ਉਨ੍ਹਾਂ ਕਿਹਾ ਕਿ ਵੰਡ ਦੀ ਇਹ ਲਕੀਰ ਲੱਖਾਂ ਲੋਕਾਂ ਦੇ ਖੂਨ ਨਾਲ ਭਿੱਜੀ ਹੋਈ ਹੈ।

Add a Comment

Your email address will not be published. Required fields are marked *