ਕੰਗਨਾ ਰਣੌਤ ਦਾ ਬਿਆਨ, ‘ਸਿੱਖਾਂ ਨੂੰ ਖਾਲਿਸਤਾਨੀਆਂ ਤੋਂ ਵੱਖ ਹੋਣਾ ਚਾਹੀਦਾ ਹੈ

ਮੁੰਬਈ – ਅਦਾਕਾਰਾ ਕੰਗਨਾ ਰਣੌਤ ਰਾਜਨੀਤੀ ਨਾਲ ਜੁੜੇ ਕਿਸੇ ਵੀ ਮੁੱਦੇ ’ਤੇ ਆਪਣੀ ਰਾਏ ਜ਼ਾਹਿਰ ਕਰਨ ਤੋਂ ਨਹੀਂ ਝਿਜਕਦੀ ਹੈ। ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਾ ਸੇਕ ਹੁਣ ਕਈ ਕਲਾਕਾਰਾਂ ਤੱਕ ਵੀ ਪੁੱਜਣਾ ਸ਼ੁਰੂ ਹੋ ਗਿਆ ਹੈ। ਇਸ ਤਣਾਅ ਦੇ ਵਿਚਕਾਰ ਕੰਗਨਾ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ’ਤੇ ਸਿੱਖ ਭਾਈਚਾਰੇ ਲਈ ਇਕ ਰਾਏ ਵੀ ਸਾਂਝੀ ਕੀਤੀ। ਪੰਜਾਬ ਦੇ ਹਾਲਾਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਕੰਗਨਾ, ਜਿਸ ਨੇ ਪਹਿਲਾਂ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਖਾਲਿਸਤਾਨ ਸਮਰਥਕਾਂ ਨੂੰ ਨਿਸ਼ਾਨਾ ਬਣਾਇਆ ਹੈ, ਨੇ ਕਿਹਾ ਕਿ ਅੱਜ ਵੀ ਪੰਜਾਬ ਦੇ ਸਿਆਸੀ ਹਾਲਾਤ ’ਤੇ ਬੋਲਣ ਕਾਰਨ ਉਸ ਦੀਆਂ ਫ਼ਿਲਮਾਂ ਦਾ ਉਥੇ ਬਾਈਕਾਟ ਕੀਤਾ ਜਾਂਦਾ ਹੈ।

ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਰੈਪਰ ਡੀਨੋ ਜੇਮਸ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ‘‘ਇਹ ਹਾਲਤ ਹੈ ਪੰਜਾਬ ਦੀ। ਜਦੋਂ ਮੈਂ ਖਾਲਿਸਤਾਨੀਆਂ ਦੇ ਖ਼ਿਲਾਫ਼ ਬੋਲਿਆ ਤਾਂ ਉਨ੍ਹਾਂ ਨੇ ਸਮੁੱਚੀ ਸਿੱਖ ਕੌਮ ਨੂੰ ਯਕੀਨ ਦਿਵਾਇਆ ਕਿ ਮੈਂ ਇਸ ਸਮੁੱਚੀ ਕੌਮ ਦੇ ਖ਼ਿਲਾਫ਼ ਹਾਂ। ਅੱਜ ਵੀ ਪੰਜਾਬ ’ਚ ਮੇਰੀਆਂ ਫ਼ਿਲਮਾਂ ’ਤੇ ਪਾਬੰਦੀ ਹੈ। ਉਨ੍ਹਾਂ ਨੂੰ ਉਤੇਜਿਤ ਕਰਕੇ ਗੁੰਮਰਾਹ ਕਰਨਾ ਸਭ ਤੋਂ ਆਸਾਨ ਹੈ।’’

‘ਖਤਰੋਂ ਕੇ ਖਿਲਾੜੀ 13’ ’ਚ ਨਜ਼ਰ ਆ ਰਹੇ ਰੈਪਰ ਡੀਨੋ ਜੇਮਸ ਨੇ ਸ਼ੁੱਕਰਵਾਰ ਸਵੇਰੇ ਇਕ ਪੋਸਟ ਸਾਂਝੀ ਕਰਦਿਆਂ ਪੰਜਾਬੀ ਗਾਇਕ ਸ਼ੁੱਭ ਦੇ ਕੰਸਰਟ ਦੇ ਰੱਦ ਹੋਣ ਨੂੰ ‘ਮੰਦਭਾਗਾ’ ਕਰਾਰ ਦਿੱਤਾ। ਹਾਲਾਂਕਿ ਕੁਝ ਹੀ ਸਮੇਂ ’ਚ ਡੀਨੋ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ ਤੇ ਇਸ ਪੋਸਟ ਲਈ ਜਨਤਾ ਤੋਂ ਮੁਆਫ਼ੀ ਵੀ ਮੰਗ ਲਈ।

ਡੀਨੋ ਨੇ ਇਕ ਹੋਰ ਪੋਸਟ ਕੀਤੀ ਤੇ ਲਿਖਿਆ, ‘‘ਮੈਂ ਅੱਜ ਸਵੇਰੇ ਜੋ ਸਟੋਰੀ ਪੋਸਟ ਕੀਤੀ, ਉਸ ਲਈ ਮੈਂ ਤਹਿ ਦਿਲੋਂ ਮੁਆਫ਼ੀ ਮੰਗਦਾ ਹਾਂ। ਮੈਨੂੰ ਪਤਾ ਨਹੀਂ ਸੀ ਕਿ ਪਿਛਲੇ ਦੋ ਦਿਨਾਂ ’ਚ ਕੀ ਹੋਇਆ ਹੈ ਤੇ ਮੈਂ ਇਕ ਕਲਾਕਾਰ ਲਈ ਉਦਾਸ ਮਹਿਸੂਸ ਕਰ ਰਿਹਾ ਸੀ। ਕਿਰਪਾ ਕਰਕੇ ਮੇਰੀ ਅਗਿਆਨਤਾ ਨੂੰ ਮੁਆਫ਼ ਕਰੋ। ਭਾਰਤ ਮੇਰਾ ਘਰ, ਮੇਰੀ ਮਾਤ ਭੂਮੀ ਹੈ ਤੇ ਇਸ ਨੇ ਮੈਨੂੰ ਸਭ ਕੁਝ ਦਿੱਤਾ ਹੈ ਤੇ ਮੈਨੂੰ ਬਣਾਇਆ ਹੈ ਜੋ ਮੈਂ ਅੱਜ ਹਾਂ।’’

ਡੀਨੋ ਨੇ ਆਪਣੀ ਪੋਸਟ ਲਈ ਭਾਰਤ ’ਚ ਆਪਣੇ ਪ੍ਰਸ਼ੰਸਕਾਂ ਤੋਂ ਮੁਆਫ਼ੀ ਵੀ ਮੰਗੀ ਹੈ। ਉਸ ਨੇ ਇਕ ਛੋਟੀ ਵੀਡੀਓ ਵੀ ਸਾਂਝੀ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਉਸ ਦਾ ਇਸ ਸਮੁੱਚੀ ਰਾਜਨੀਤਕ ਸਥਿਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਸਿਰਫ਼ ਇਕ ਕਲਾਕਾਰ ਦੇ ਸ਼ੋਅ ਦੇ ਰੱਦ ਹੋਣ ’ਤੇ ਪ੍ਰਤੀਕਿਰਿਆ ਦੇ ਰਿਹਾ ਸੀ।

Add a Comment

Your email address will not be published. Required fields are marked *