‘ਐਨੀਮਲ’ ਫ਼ਿਲਮ ਤੋਂ ਰਸ਼ਮਿਕਾ ਮੰਦਾਨਾ ਦੀ ਫਰਸਟ ਲੁੱਕ ਰਿਲੀਜ਼

ਮੁੰਬਈ – ਦਰਸ਼ਕ ਰਣਬੀਰ ਕਪੂਰ ਦੀ ਆਉਣ ਵਾਲੀ ਫ਼ਿਲਮ ‘ਐਨੀਮਲ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 1 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਵਾਂ ਪੋਸਟਰ ਅੱਜ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਨਿਰਮਾਤਾਵਾਂ ਨੇ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਕਰਕੇ ਦਰਸ਼ਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ। ਅੱਜ ਫ਼ਿਲਮ ਦਾ ਨਵਾਂ ਪੋਸਟਰ ਜਾਰੀ ਕਰਕੇ ਨਿਰਮਾਤਾਵਾਂ ਨੇ ਫ਼ਿਲਮ ਦੀ ਲੀਡ ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਲੁੱਕ ਦਾ ਖ਼ੁਲਾਸਾ ਕੀਤਾ ਹੈ। ਇਸ ਪੋਸਟਰ ’ਚ ਅਦਾਕਾਰਾ ਦਾ ਸਾਦਾ ਅੰਦਾਜ਼ ਪ੍ਰਸ਼ੰਸਕਾਂ ਦਾ ਦਿਲ ਜਿੱਤਦਾ ਨਜ਼ਰ ਆ ਰਿਹਾ ਹੈ।

‘ਐਨੀਮਲ’ ਦੇ ਤਾਜ਼ਾ ਪੋਸਟਰ ’ਚ ਰਸ਼ਮਿਕਾ ਮੰਦਾਨਾ ਆਪਣੇ ਮੱਥੇ ’ਤੇ ਕੁਮਕੁਮ ਤੇ ਗਲੇ ’ਚ ਮੰਗਲਸੂਤਰ ਪਹਿਨੀ ਨਜ਼ਰ ਆ ਰਹੀ ਹੈ। ਲਾਲ ਤੇ ਚਿੱਟੇ ਰੰਗ ਦੀ ਸਾੜ੍ਹੀ ਪਹਿਨ ਕੇ ਸਾਦੇ ਅੰਦਾਜ਼ ’ਚ ਨਜ਼ਰ ਆਉਣ ਵਾਲੀ ਰਸ਼ਮਿਕਾ ਦੇ ਲੁੱਕ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਫ਼ਿਲਮ ’ਚ ਇਕ ਘਰੇਲੂ ਔਰਤ ਦੇ ਕਿਰਦਾਰ ’ਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ਦੀ ਅਦਾਕਾਰਾ ਦੀ ਪਹਿਲੀ ਝਲਕ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।

ਇਸ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਰਸ਼ਮਿਕਾ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਤੁਹਾਡੀ ਗੀਤਾਂਜਲੀ।’’ ਅਦਾਕਾਰਾ ਦੀ ਇਸ ਪੋਸਟ ’ਤੇ ਪ੍ਰਸ਼ੰਸਕਾਂ ਨੇ ਕਾਫੀ ਕੁਮੈਂਟ ਕਰਕੇ ਉਸ ਦੀ ਲੁੱਕ ਦੀ ਤਾਰੀਫ਼ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਮੇਕਰਸ ਨੇ ਅਨਿਲ ਕਪੂਰ ਦੇ ਲੁੱਕ ਦੀ ਪਹਿਲੀ ਝਲਕ ਵੀ ਸਾਂਝੀ ਕੀਤੀ ਸੀ।

ਆਪਣੇ ਲੁੱਕ ਦੀ ਇਕ ਝਲਕ ਸਾਂਝੀ ਕਰਦਿਆਂ ਅਨਿਲ ਕਪੂਰ ਨੇ ਲਿਖਿਆ, “ਐਨੀਮਲ ਦੇ ਪਿਤਾ ਬਲਬੀਰ ਸਿੰਘ।’’ ਇਸ ਲੁੱਕ ’ਚ ਅਨਿਲ ਕਪੂਰ ਨਾਈਟ ਸੂਟ ਪਹਿਨ ਕੇ ਸੋਫੇ ’ਤੇ ਬੈਠੇ ਨਜ਼ਰ ਆ ਰਹੇ ਹਨ। ਨਾਲ ਹੀ ਉਹ ਜ਼ਖ਼ਮੀ ਨਜ਼ਰ ਆ ਰਹੇ ਹਨ। ਇਸ ਫ਼ਿਲਮ ’ਚ ਅਨਿਲ ਕਪੂਰ ਕਾਫੀ ਵੱਖਰੇ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਦਾ ਟੀਜ਼ਰ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੰਦੀਪ ਰੈੱਡੀ ਵਾਂਗਾ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਸਭ ਤੋਂ ਪਹਿਲਾਂ ਪਰਿਣੀਤੀ ਚੋਪੜਾ ਨੂੰ ਆਫਰ ਕੀਤੀ ਗਈ ਸੀ। ਪਰਿਣੀਤੀ ਚੋਪੜਾ ਵਲੋਂ ਠੁਕਰਾਏ ਜਾਣ ਤੋਂ ਬਾਅਦ ਇਹ ਫ਼ਿਲਮ ਰਸ਼ਮਿਕਾ ਮੰਦਾਨਾ ਦੀ ਝੋਲੀ ’ਚ ਜਾ ਡਿੱਗੀ। ਇਸ ਦੇ ਨਾਲ ਇਹ ਫ਼ਿਲਮ ਰਸ਼ਮਿਕਾ ਦੀ ਤੀਜੀ ਹਿੰਦੀ ਫ਼ਿਲਮ ਬਣ ਗਈ ਹੈ।

Add a Comment

Your email address will not be published. Required fields are marked *