ਮਨੀ ਲਾਂਡਰਿੰਗ ਮਾਮਲੇ ’ਚ ਅੱਜ ਜੈਕਲੀਨ ਤੋਂ ਨਹੀਂ ਹੋਵੇਗੀ ਪੁੱਛਗਿੱਛ, ਜਾਰੀ ਹੋਵੇਗਾ ਨਵਾਂ ਸੰਮਨ

ਨਵੀਂ ਦਿੱਲੀ-  ਮਨੀ ਲਾਂਡਰਿੰਗ ਮਾਮਲੇ ’ਚ ਫ਼ਸੀ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। 200 ਕਰੋੜ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨੇ ਅਦਾਕਾਰਾ ਨੋਰਾ ਫਤੇਹੀ, ਜੈਕਲੀਨ ਫ਼ਰਨਾਂਡੀਜ਼ ਅਤੇ ਲੀਨਾ ਮਾਰੀਆ ਪਾਲ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ। ਮਿਲੀ ਜਾਣਕਾਰੀ ਦੇ ਮੁਤਾਬਕ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਸੋਮਵਾਰ ਨੂੰ ਅਦਾਕਾਰਾ ਤੋਂ ਪੁੱਛਗਿੱਛ ਮੁਲਤਵੀ ਕਰ ਦਿੱਤੀ ਹੈ। ਹੁਣ ਬ੍ਰਾਂਚ ਇਸ ਸਬੰਧ  ’ਚ ਜੈਕਲੀਨ ਨੂੰ ਇਕ ਹੋਰ ਸੰਮਨ ਜਾਰੀ ਕਰੇਗੀ। 

ਇਸ ਸਬੰਧੀ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜੈਕਲੀਨ ਨੇ ਦਿੱਲੀ ਪੁਲਸ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਸੀ ਕਿ ਉਹ ਪਹਿਲਾਂ ਹੀ ਕੀਤੇ ਗਏ ਕੁਝ ਵਾਅਦੇ ਕਾਰਨ 12 ਸਤੰਬਰ ਨੂੰ ਹੋਣ ਵਾਲੀ ਜਾਂਚ ’ਚ ਸ਼ਾਮਲ ਨਹੀਂ ਹੋ ਸਕੇਗੀ। ਅਧਿਕਾਰੀ ਨੇ ਇਹ ਵੀ ਕਿਹਾ ਕਿ ਜੈਕਲੀਨ ਨੂੰ ਸਤੰਬਰ ’ਚ ਜਾਂਚ ’ਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ। ਜਿਸ ਦੇ ਤਹਿਤ ਅਦਾਕਾਰਾ ਨੇ 12 ਸਤੰਬਰ ਨੂੰ ਸਵੇਰੇ 11 ਵਜੇ ਮੰਦਰ ਮਾਰਗ ਸਥਿਤ ਆਰਥਿਕ ਅਪਰਾਧ ਸ਼ਾਖਾ (EOW) ਦਫ਼ਤਰ ’ਚ ਹਾਜ਼ਰ ਹੋਣਾ ਸੀ ਪਰ ਹੁਣ ਜਾਂਚ ’ਚ ਸ਼ਾਮਲ ਨਾ ਹੋਣ ਕਾਰਨ ਜੈਕਲੀਨ ਨੂੰ ਨਵੇਂ ਸਿਰੇ ਤੋਂ ਸੰਮਨ ਜਾਰੀ ਕੀਤਾ ਜਾਵੇਗਾ। ਹਾਲਾਂਕਿ ਇਸ ਦੀ ਤਾਰੀਖ਼ ਜਲਦੀ ਹੀ ਤੈਅ ਕੀਤੀ ਜਾਵੇਗੀ।

ਦੱਸ ਦੇਈਏ ਕਿ ED ਨੇ ਆਪਣੀ ਚਾਰਜਸ਼ੀਟ ’ਚ ਜੈਕਲੀਨ ਦਾ ਨਾਮ ਮਨੀ ਲਾਂਡਿਰੰਗ ਮਾਮਲੇ ’ਚ ਲਿਆ ਸੀ। ਇਸ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਜੈਕਲਿਨ ਨੂੰ ਸੁਕੇਸ਼ ਦੀ ਅਪਰਾਧਿਕ ਮਾਮਲਿਆਂ ’ਚ ਸ਼ਮੂਲੀਅਤ ਬਾਰੇ ਪਤਾ ਸੀ।ਇਸ ਤੋਂ ਬਾਅਦ  ਵੀ ਉਸ ਨੇ ਆਪਣੇ ਅਪਰਾਧਿਕ ਰਿਕਾਰਡ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸੁਕੇਸ਼ ਨਾਲ ਵਿੱਤੀ ਲੈਣ-ਦੇਣ ਕੀਤਾ। ਇਸ ਦੇ ਨਾਲ ਈ.ਡੀ ਨੇ ਮੁੰਬਈ ਪੁਲਸ ਵੱਲੋਂ ਦਰਜ ਐੱਫ਼.ਆਈ.ਆਰ ਦੇ ਆਧਾਰ ’ਤੇ ਕਥਿਤ ਘੁਟਾਲੇ ’ਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ।

ਮਨੀ ਲਾਂਡਰਿੰਗ ਮਾਮਲੇ ’ਚ ਨਾਮ ਆਉਣ ਤੋਂ ਬਾਅਦ ਅਦਾਕਾਰਾ ਕਈ ਵਾਰ ਈ.ਡੀ ਦੇ ਸਾਹਮਣੇ ਪੇਸ਼ ਹੋ ਚੁੱਕੀ  ਹੈ। ਇਸ ਮਾਮਲੇ ’ਚ 30ਅਗਸਤ ਅਤੇ 20 ਅਕਤੂਬਰ 2021 ਨੂੰ ਅਦਾਕਾਰਾ ਤੋਂ ਪੁੱਛਗਿੱਛ ਕੀਤੀ ਗਈ ਸੀ। ਇਸ ਦੌਰਾਨ ਅਦਾਕਾਰਾ ਨੇ ਮੰਨਿਆ ਸੀ ਕਿ ਉਸ ਨੇ ਚੰਦਰਸ਼ੇਖਰ ਤੋਂ ਕਈ ਮਹਿੰਗੇ ਤੋਹਫ਼ੇ ਲਏ ਹਨ। ਸੁਕੇਸ਼ ਚੰਦਰਸ਼ੇਖਰ ਬੰਗਲੁਰੂ, ਕਰਨਾਟਕ ਦਾ ਮੂਲ ਨਿਵਾਸੀ ਇਸ ਸਮੇਂ ਦਿੱਲੀ ਦੀ ਜੇਲ੍ਹ ’ਚ ਬੰਦ ਹੈ ਅਤੇ ਉਸ ਦੇ ਖਿਲਾਫ਼ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।

Add a Comment

Your email address will not be published. Required fields are marked *