ਆਸਟਰੇਲੀਆ ਹਾਈ ਕਮਿਸ਼ਨਰ ਨੇ ਦਿੱਲੀ ਮਹਿਲਾ ਕਮਿਸ਼ਨ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ – ਭਾਰਤ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਸ਼ੁੱਕਰਵਾਰ ਨੂੰ ਇੱਥੇ ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੇ ਦਫਤਰ ਦਾ ਦੌਰਾ ਕੀਤਾ। ਇਸ ਦੌਰਾਨ ਆਸਟਰੇਲੀਅਨ ਹਾਈ ਕਮਿਸ਼ਨਰ ਨੇ ਡੀ.ਸੀ.ਡਬਲਿਊ. ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨਾਲ ਕਮਿਸ਼ਨ ਦੇ ਕੰਮਕਾਜ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ। ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਦਿੱਲੀ ਦੇ ਨਾਲ-ਨਾਲ ਭਾਰਤ ਵਿੱਚ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਵੀ ਚਰਚਾ ਕੀਤੀ।
ਇਸ ਵਿਚ ਕਿਹਾ ਗਿਆ ਹੈ ਕਿ ਮਾਲੀਵਾਲ ਨੇ ਆਸਟ੍ਰੇਲੀਆਈ ਹਾਈ ਕਮਿਸ਼ਨਰ ਨੂੰ ਡੀ.ਸੀ.ਡਬਲਿਊ. ਦੇ ਕੰਮ ਅਤੇ ਰਾਜਧਾਨੀ ਵਿਚ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ ਅਤੇ ਭਲਾਈ ਲਈ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ। ਇਸ ਦੇ ਮੁਤਾਬਕ DCW ਅਤੇ ਆਸਟ੍ਰੇਲੀਅਨ ਹਾਈ ਕਮਿਸ਼ਨ ਰਾਜਧਾਨੀ ਵਿੱਚ ਮਹਿਲਾ ਸਸ਼ਕਤੀਕਰਨ ਲਈ ਮਿਲ ਕੇ ਕੰਮ ਕਰਨਗੇ। ਮਾਲੀਵਾਲ ਨੇ ਕਿਹਾ, “ਫਿਲਿਪ ਨੇ DCW ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਖੇਤਰ ਵਿੱਚ ਕਮਿਸ਼ਨ ਵੱਲੋਂ ਸਹਿਯੋਗ ਦਾ ਭਰੋਸਾ ਦਿੱਤਾ। ਅਸੀਂ ਰਾਜਧਾਨੀ ਵਿੱਚ ਔਰਤਾਂ ਅਤੇ ਕੁੜੀਆਂ ਦੇ ਸਸ਼ਕਤੀਕਰਨ ਲਈ ਆਸਟ੍ਰੇਲੀਅਨ ਸਰਕਾਰ ਨਾਲ ਭਵਿੱਖ ਵਿੱਚ ਸਹਿਯੋਗ ਦੀ ਉਮੀਦ ਰੱਖਦੇ ਹਾਂ।”

