ਭਾਰਤ-ਕੈਨੇਡਾ ਵਿਵਾਦ ਦੀ ਲਪੇਟ ‘ਚ ਆਏ McCain ਤੇ Tim Hortons

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਨਿੱਜਰ ਦੇ ਕਤਲ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ, ਜਿਸ ਦਾ ਅਸਰ ਹੁਣ ਭਾਰਤ ਦੀ ਅਰਥਵਿਵਸਥਾ ਅਤੇ ਕੈਨੇਡੀਅਨ ਕੰਪਨੀਆਂ ‘ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਹਾਲ ਹੀ ਵਿੱਚ ਕੈਨੇਡੀਅਨ ਰੈਪਰ ਸ਼ੁਬਨੀਤ ਸਿੰਘ ਦਾ ਸ਼ੋਅ ਰੱਦ ਕਰ ਦਿੱਤਾ ਹੈ। ਸ਼ੋਅ ਦੇ ਬਾਈਕਾਟ ਤੋਂ ਬਾਅਦ ਭਾਰਤ ‘ਚ ਕੈਨੇਡੀਅਨ ਫੂਡ ਚੇਨ ਕੰਪਨੀਆਂ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ। ਇਸ ਵਿਵਾਦ ਦੇ ਕਾਰਨ McCain ਅਤੇ Tim Horton ਮੁਸੀਬਤ ਦੇ ਘੇਰੇ ‘ਚ ਆ ਗਈਆਂ ਹਨ। 

ਕੈਨੇਡੀਅਨ ਫੂਡ ਚੇਨ ਬ੍ਰਾਂਡਾਂ McCain ਅਤੇ Tim Horton ਨੂੰ ਭਾਰਤ ਅਤੇ ਕੈਨੇਡਾ ਵਿਵਾਦ ਕਰਕੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੱਲ ਰਹੇ ਇਸ ਵਿਵਾਦ ਕਾਰਨ ਭਾਰਤੀ ਕੈਨੇਡੀਅਨ ਉਤਪਾਦਾਂ ਤੋਂ ਦੂਰੀ ਬਣਾ ਰਹੇ ਹਨ। ਇੰਨਾ ਹੀ ਨਹੀਂ ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਦੇ ਸਾਮਾਨ ਦਾ ਬਾਈਕਾਟ ਵੀ ਕਰ ਰਹੇ ਹਨ। ਭਾਰਤ ਵਿੱਚ McCain ਦੇ ਸਥਾਨਕ ਦਫ਼ਤਰ ਨੇ ਇੱਕ ਈਮੇਲ ਵਿੱਚ ਕਿਹਾ ਕਿ ਉਹ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕਰੇਗਾ। ਇਸ ਦੌਰਾਨ Tim Horton ਇੰਡੀਆ ਦੇ ਦਫ਼ਤਰ ਨੇ ਕਿਹਾ ਕਿ ਇਸਨੂੰ ਆਪਣੇ ਕੈਨੇਡੀਅਨ ਹੈੱਡਕੁਆਰਟਰ ਨੂੰ ਜਵਾਬ ਦੇਣ ਲਈ ਘੱਟੋ-ਘੱਟ ਇੱਕ ਦਿਨ ਦੀ ਲੋੜ ਹੋਵੇਗੀ।

ਅਸਲ ਵਿੱਚ ਭਾਰਤ ਕੈਨੇਡੀਅਨ McCain ਦਾ ਇੱਕ ਵੱਡਾ ਖਪਤਕਾਰ ਹੈ। ਇਸ ਦੀ ਆਲੂ ਟਿੱਕੀ ਬਹੁਤ ਪਸੰਦ ਕੀਤੀ ਜਾਂਦੀ ਹੈ। ਅਜਿਹੇ ‘ਚ ਜੇਕਰ ਤਣਾਅ ਵਧਦਾ ਹੈ ਤਾਂ ਕੰਪਨੀ ਨੂੰ ਸਖ਼ਤ ਬਾਈਕਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ Tim Horton ਨੂੰ ਭਾਰਤ ਵਿੱਚ ਆਪਣਾ ਪਹਿਲਾ ਆਉਟਲੈਟ ਖੋਲ੍ਹੇ ਇੱਕ ਸਾਲ ਹੀ ਹੋਇਆ ਹੈ। ਅਜਿਹੇ ‘ਚ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਈ ਕੁੜੱਤਣ ਦਾ ਕਾਰੋਬਾਰ ‘ਤੇ ਅਸਰ ਪੈ ਸਕਦਾ ਹੈ। ਐਡਵਰਟਾਈਜ਼ਿੰਗ ਏਜੰਸੀ ਰੈਡੀਫਿਊਜ਼ਨ ਦੇ ਪ੍ਰਧਾਨ ਸੰਦੀਪ ਗੋਇਲ ਅਨੁਸਾਰ ਪ੍ਰਭਾਵਿਤ ਬ੍ਰਾਂਡਾਂ ਲਈ ਕਾਰਵਾਈ ਦਾ ਸਭ ਤੋਂ ਵਧੀਆ ਤਰੀਕਾ ਘੱਟ ਪ੍ਰੋਫਾਈਲ ਰੱਖਣਾ ਹੋਵੇਗਾ, ਕਿਉਂਕਿ ਉਹ ਸਿਆਸੀ ਮਸਲਿਆਂ ਵਿੱਚ ਨਹੀਂ ਫਸਣਾ ਚਾਹੁੰਦੇ।

Add a Comment

Your email address will not be published. Required fields are marked *