ਖੜਗੇ ਦੀ ਟਿੱਪਣੀ ਮਗਰੋਂ ਰਾਜ ਸਭਾ ’ਚ ਹੰਗਾਮਾ

ਨਵੀਂ ਦਿੱਲੀ, 19 ਸਤੰਬਰ-ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਰਾਜ ਸਭਾ ਵਿੱਚ ਸਿਆਸੀ ਪਾਰਟੀਆਂ ਦੇ ਕਮਜ਼ੋਰ ਵਰਗਾਂ ਵਿੱਚੋਂ ਮਹਿਲਾ ਉਮੀਦਵਾਰਾਂ ਦੀ ਚੋਣ ਕਰਨ ਦੇ ਤਰੀਕੇ ’ਤੇ ਟਿੱਪਣੀ ਕਰਨ ਅਤੇ ਗ਼ੈਰ-ਭਾਜਪਾ ਸ਼ਾਸਿਤ ਸੂਬਿਆਂ ਵਿੱਚ ਜੀਐੱਸਟੀ ਦੀ ਅਦਾਇਗੀ ਵਿੱਚ ‘ਦੇਰੀ’ ਦਾ ਮੁੱਦਾ ਉਠਾਏ ਜਾਣ ਮਗਰੋਂ ਸੱਤਾਧਾਰੀ ਤੇ ਵਿਰੋਧੀ ਧਿਰ ਦਰਮਿਆਨ ਤਿੱਖੀ ਬਹਿਸ ਹੋ ਗਈ। ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਉਪਰਲੇ ਸਦਨ ਨੂੰ ਸੰਬੋਧਨ ਕਰਦਿਆਂ 2010 ਵਿੱਚ ਪਾਸ ਮਹਿਲਾ ਰਾਖਵਾਂਕਰਨ ਬਿੱਲ ਦਾ ਜ਼ਿਕਰ ਕੀਤਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਪੱਛੜੇ ਵਰਗਾਂ ਦੀਆਂ ਸਿਰਫ਼ ਉਨ੍ਹਾਂ ਔਰਤਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਂਦੀਆਂ ਹਨ, ਜੋ ਆਪਣੀ ਗੱਲ ਠੋਸ ਢੰਗ ਨਾਲ ਨਹੀਂ ਰੱਖ ਸਕਦੀਆਂ। ਇਸ ਟਿੱਪਣੀ ’ਤੇ ਸੱਤਾ ਧਿਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ, ‘‘ਖੜਗੇ ਦਾ ਇਹ ਬਿਆਨ ਕਿ ਸਿਆਸੀ ਪਾਰਟੀਆਂ ਪ੍ਰਭਾਵਸ਼ਾਲੀ ਮਹਿਲਾਵਾਂ ਨੂੰ ਨਹੀਂ ਚੁਣਦੀਆਂ, ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।’’ ਉਨ੍ਹਾਂ ਜ਼ੋਰ ਦਿੱਤਾ ਕਿ ਵਿਰੋਧੀ ਧਿਰ ਲੋਕਾਂ ਦਾ ਇਸ ਤਰ੍ਹਾਂ ਅਪਮਾਨ ਨਹੀਂ ਕਰ ਸਕਦੀ। ਇਸ ’ਤੇ ਖੜਗੇ ਨੇ ਕਿਹਾ, ‘‘ਪੱਛੜੇ ਵਰਗਾਂ ਜਾਂ ਅਨੁਸੂਚਿਤ ਜਾਤੀ ਨਾਲ ਸਬੰਧਤ ਔਰਤਾਂ ਨੂੰ ਅਜਿਹੇ ਮੌਕੇ ਨਹੀਂ ਮਿਲਦੇ ਜੋ ਤੁਹਾਨੂੰ (ਸੀਤਾਰਾਮਨ) ਮਿਲਦੇ ਹਨ।’’ ਸੀਤਾਰਾਮਨ ਨੇ ਇਸ ’ਤੇ ਉਜ਼ਰ ਜਤਾਉਂਦਿਆਂ ਪੁੱਛਿਆ, ‘‘(ਰਾਸ਼ਟਰਪਤੀ) ਦਰੋਪਤੀ ਮੁਰਮੂ ਕੌਣ ਹਨ? ਵਿਰੋਧੀ ਧਿਰ ਔਰਤਾਂ ਦਰਮਿਆਨ ਨਿਖੇੜੇ ਦੀ ਲਕੀਰ ਨਹੀਂ ਖਿੱਚ ਸਕਦੀ।’’

ਇਸ ਦੌਰਾਨ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਦੇ ਦਖ਼ਲ ਦੇਣ ਮਗਰੋਂ ਸਦਨ ਦੀ ਕਾਰਵਾਈ ਜਾਰੀ ਰਹੀ। ਖੜਗੇ ਨੇ ਕਿਹਾ ਕਿ ਉਹ ਔਰਤਾਂ ਦੇ ਰਾਖਵਾਂਕਰਨ ਬਿੱਲ ‘ਨਾਰੀ ਸ਼ਕਤੀ ਵੰਦਨ ਅਧਿਨਿਯਮ’ ਦਾ ਸਵਾਗਤ ਕਰਦੇ ਹਨ। ਬਾਅਦ ਵਿੱਚ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਘੀ ਢਾਂਚੇ ਬਾਰੇ ਕੀਤੀ ਟਿੱਪਣੀ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ, ‘‘ਤੁਹਾਡੀ ਅਗਵਾਈ ਵਿੱਚ ਸੰਘੀ ਢਾਂਚਾ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ।’’ ਖੜਗੇ ਦੇ ਇਸ ਬਿਆਨ ਦਾ ਭਾਜਪਾ ਮੈਂਬਰਾਂ ਨੇ ਵਿਰੋਧ ਕੀਤਾ।

Add a Comment

Your email address will not be published. Required fields are marked *