ਗੁੱਸੇ ‘ਚ ਆਏ ਸਾਬਕਾ PM ਦੇ ਕਾਰ ਡਰਾਈਵਰ ਨੇ ਮਹਿਲਾ ਪੱਤਰਕਾਰ ‘ਤੇ ਥੁੱਕਿਆ

ਲੰਡਨ : ਬ੍ਰਿਟੇਨ ‘ਚ ਰਹਿ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਡਰਾਈਵਰ ਦੀ ਇਕ ਘਿਨਾਉਣੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਰਅਸਲ ਲੰਡਨ ‘ਚ ਇਕ ਔਰਤ ਨੇ ਨਵਾਜ਼ ਦੀ ਕਾਰ ਨੂੰ ਰਸਤੇ ‘ਚ ਰੋਕਿਆ ਅਤੇ ਉਨ੍ਹਾਂ ਨੂੰ ਅਜਿਹਾ ਸਵਾਲ ਪੁੱਛਿਆ ਕਿ ਨਵਾਜ਼ ਦੇ ਡਰਾਈਵਰ ਨੂੰ ਗੁੱਸਾ ਆ ਗਿਆ ਤੇ ਉਸ ਨੇ ਮਹਿਲਾ ਪੱਤਰਕਾਰ ਦੇ ਮੂੰਹ ‘ਤੇ ਥੁੱਕ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਲੰਡਨ ‘ਚ ਔਰਤ ਨੇ ਹੱਥ ਹਿਲਾ ਕੇ ਨਵਾਜ਼ ਦੀ ਕਾਰ ਨੂੰ ਰੋਕਣ ਲਈ ਕਿਹਾ, ਜਿਸ ਵਿੱਚ ਨਵਾਜ਼ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਸਫਰ ਕਰ ਰਹੇ ਸਨ।

ਇਸ ਦੌਰਾਨ ਇਕ ਔਰਤ ਆਪਣੇ ਮੋਬਾਇਲ ‘ਚ ਘਟਨਾ ਨੂੰ ਰਿਕਾਰਡ ਕਰਦਿਆਂ ਉੱਥੇ ਪਹੁੰਚੀ ਤੇ ਉਸ ਨੇ ਨਵਾਜ਼ ਸ਼ਰੀਫ ਨੂੰ ਪੁੱਛਿਆ ਕਿ ਕੀ ਉਹ ਭ੍ਰਿਸ਼ਟ ਹਨ? ਇਸ ਤੋਂ ਬਾਅਦ ਡਰਾਈਵਰ ਨੇ ਕਾਰ ‘ਚੋਂ ਆਪਣਾ ਸਿਰ ਕੱਢਿਆ ਤੇ ਔਰਤ ਦੇ ਮੂੰਹ ‘ਤੇ ਥੁੱਕ ਦਿੱਤਾ ਤੇ ਖਿੜਕੀ ਦੀ ਸ਼ੀਸ਼ਾ ਬੰਦ ਕਰਕੇ ਅੱਗੇ ਵਧ ਗਿਆ। ਡਾਕਟਰ ਫਾਤਿਮਾ ਨਾਂ ਦੇ ਯੂਜ਼ਰ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਹੈਂਡਲ ‘ਐਕਸ’ ‘ਤੇ ਪੋਸਟ ਕੀਤੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਨਵਾਜ਼ ਦੀ ਕਾਰ ਨੂੰ ਰੋਕਦੀ ਹੈ ਅਤੇ ਉਨ੍ਹਾਂ ਤੋਂ ਪੁੱਛਦੀ ਹੈ ਕਿ ਕੀ ਉਹ ਪਾਕਿਸਤਾਨ ਦੇ ਭ੍ਰਿਸ਼ਟ ਨੇਤਾ ਹਨ? ਇਸ ‘ਤੇ ਉਨ੍ਹਾਂ ਦਾ ਡਰਾਈਵਰ ਔਰਤ ‘ਤੇ ਥੁੱਕਦਾ ਹੈ ਅਤੇ ਕਾਰ ਭਜਾ ਲੈਂਦਾ ਹੈ।

ਨਵਾਜ਼ ਸ਼ਰੀਫ ਨੂੰ 2018 ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਸਾਲ 2019 ‘ਚ ਉਹ ਇਲਾਜ ਲਈ ਲੰਡਨ ਚਲੇ ਗਏ ਤੇ ਉਦੋਂ ਤੋਂ ਉਹ ਉਥੇ ਰਹਿ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਨਵਾਜ਼ ਪਾਕਿਸਤਾਨ ਪਰਤਣ ਦੀ ਤਿਆਰੀ ਕਰ ਰਹੇ ਹਨ ਤਾਂ ਜੋ ਉਹ ਦੁਬਾਰਾ ਚੋਣ ਲੜ ਸਕਣ। ਖ਼ਬਰ ਇਹ ਵੀ ਹੈ ਕਿ ਨਵਾਜ਼ ਨੇ ਆਪਣੀ ਬੇਟੀ ਮਰੀਅਮ ਨੂੰ ਲੰਡਨ ਬੁਲਾਇਆ ਹੈ। ਅਜਿਹੇ ‘ਚ ਮਰੀਅਮ ਅਗਲੇ ਹਫ਼ਤੇ ਲੰਡਨ ਜਾ ਕੇ ਕੁਝ ਦਿਨ ਆਪਣੇ ਪਿਤਾ ਨਾਲ ਰਹਿ ਸਕਦੀ ਹੈ।

Add a Comment

Your email address will not be published. Required fields are marked *