ਗੈਂਗਸਟਰ ਜੱਗੂ ਭਗਵਾਨਪੁਰ ਦੇ ਘਰ ’ਤੇ ਐਨਆਈਏ ਦਾ ਛਾਪਾ

ਬਟਾਲਾ, 12 ਸਤੰਬਰ– ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਗੈਂਗਸਟਰ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ ਦੀ ਪਿੰਡ ਭਗਵਾਨਪੁਰ ਸਥਿਤ ਰਿਹਾਇਸ਼ ’ਤੇ ਕੇਂਦਰੀ ਜਾਂਚ ਏਜੰਸੀ ਐਨਆਈਏ ਦੇ ਇੱਕ ਟੀਮ ਨੇ ਅੱਜ ਛਾਪਾ ਮਾਰਿਆ। ਐਨਆਈਏ ਦੀ ਟੀਮ ਨੇ ਪਿੰਡ ਨੂੰ ਪੂਰੀ ਤਰ੍ਹਾਂ ਘੇਰ ਲਿਆ ਅਤੇ ਗੈਂਗਸਟਰ ਦੇ ਘਰ ਦੀ ਤਲਾਸ਼ੀ ਕੀਤੀ। ਸੂਤਰਾਂ ਅਨੁਸਾਰ ਤਲਾਸ਼ੀ ਮੁਹਿੰਮ ਅਜੇ ਜਾਰੀ ਹੈ। ਇਹ ਵੀ ਪਤਾ ਲੱਗਾ ਹੈ ਕਿ ਘਰ ਵਿੱਚ ਜੱਗੂ ਦੀ ਮਾਤਾ ਅਤੇ ਉਸ ਦੀ 7-8 ਸਾਲ ਦੀ ਲੜਕੀ ਹੀ ਰਹਿੰਦੀਆਂ ਹਨ। ਜਾਣਕਾਰੀ ਅਨੁਸਾਰ ਛਾਪੇਮਾਰੀ ਸਵੇਰੇ ਕਰੀਬ ਸਵਾ 9 ਵਜੇ ਸ਼ੁਰੂ ਹੋਈ ਜੋ ਅਜੇ ਤਕ ਜਾਰੀ ਹੈ। ਪਿੰਡ ਵਿੱਚ ਹਾਲ ਦੀ ਘੜੀ 150 ਦੇ ਕਰੀਬ ਐਨਆਈਏ ਮੁਲਾਜ਼ਮ ਤਾਇਨਾਤ ਹਨ।

ਜਗਰਾਉਂ-: ਐਨਆਈਏ ਦੀ ਟੀਮ ਨੇ ਜਗਰਾਉਂ ਨੇੜਲੇ ਪਿੰਡ ਡੱਲਾ ਵਿੱਚ ਅੱਜ ਸਵੇਰੇ ਛਾਪਾ ਮਾਰਿਆ। ਟੀਮ ਕੈਨੇਡਾ ਰਹਿੰਦੇ ਗੁਰਪਿਆਰ ਸਿੰਘ (30) ਪੁੱਤਰ ਮਰਹੂਮ ਸੁਰਜੀਤ ਸਿੰਘ ਦੇ ਘਰ ਦੀ ਚੈਕਿੰਗ ਕਰਨੀ ਚਾਹੁੰਦੀ ਸੀ ਪਰ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ। ਗੁਰਪਿਆਰ ਦੀ ਮਾਂ ਵੀ ਕੈਨੇਡਾ ਵਿੱਚ ਹੋਣ ਕਾਰਨ ਘਰ ਵਿੱਚ ਕੋਈ ਨਹੀਂ ਰਹਿੰਦਾ। ਟੀਮ ਨੇ ਗੁਆਂਢੀਆਂ ਤੋਂ ਘਰ ਦੀ ਚਾਬੀ ਬਾਰੇ ਪਤਾ ਕੀਤਾ ਤੇ ਉਨ੍ਹਾਂ ਨੂੰ ਚਾਬੀ ਮਿਲ ਗਈ। ਟੀਮ ਨੇ ਘਰ ਦੇ ਜਿੰਦਰੇ ਖੋਲ੍ਹ ਕੇ ਤਲਾਸ਼ੀ ਲਈ। ਸਾਬਕਾ ਸਰਪੰਚ ਚੰਦ ਸਿੰਘ ਡੱਲਾ ਨੇ ਦੱਸਿਆ ਕਿ ਗੁਰਪਿਆਰ 6 ਕੁ ਸਾਲ ਪਹਿਲਾਂ ਵਿਆਹ ਕਰਵਾ ਕੇ ਕੈਨੇਡਾ ਗਿਆ ਸੀ। ਪਤਾ ਲੱਗਾ ਹੈ ਕਿ ਕੈਨੇਡਾ ਵਿੱਚ ਉਸ ਦਾ ਰਾਬਤਾ ਕਿਸੇ ਗੈਂਗਸਟਰ ਗਰੁੱਪ ਨਾਲ ਸੀ, ਜਿਸ ਕਰਕੇ ਐਨਆਈਏ ਟੀਮ ਇਥੇ ਪੁੱਜੀ ਸੀ। ਜ਼ਿਕਰਯੋਗ ਹੈ ਕਿ ਇਥੇ ਰਹਿੰਦੇ ਸਮੇਂ ਵੀ ਗੁਰਪਿਆਰ ਖਿਲਾਫ਼ ਕੁਝ ਕੇਸ ਦਰਜ ਸਨ।

Add a Comment

Your email address will not be published. Required fields are marked *