ਜਲਦ ਸੁਲਝ ਸਕਦਾ ਹੈ WTO ’ਚ ਖੰਡ ਨਾਲ ਸਬੰਧਿਤ ਵਿਵਾਦ

ਨਵੀਂ ਦਿੱਲੀ – ਭਾਰਤ ਤੇ ਬ੍ਰਾਜ਼ੀਲ ਨੇ ਵਰਲਡ ਟਰੇਡ ਆਰਗੇਨਾਈਜ਼ੇਸ਼ਨ (ਡਬਲਯੂ. ਟੀ. ਓ.) ’ਚ ਖੰਡ ਨਾਲ ਸਬੰਧਤ ਵਪਾਰ ਵਿਵਾਦ ਨੂੰ ਰਸਮੀ ਰੂਪ ਨਾਲ ਸੁਲਝਾਉਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਵਿਵਾਦ ਦੇ ਸਮਾਧਾਨ ਤਹਿਤ ਦੱਖਣ ਅਮਰੀਕੀ ਦੇਸ਼ ਭਾਰਤ ਦੇ ਨਾਲ ਈਥੇਨਾਲ ਉਤਪਾਦਨ ਟੈਕਨਾਲੋਜੀ ਸਾਂਝੀ ਕਰ ਸਕਦਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬ੍ਰਾਜ਼ੀਲ ਦੁਨੀਆ ’ਚ ਗੰਨਾ ਅਤੇ ਈਥੇਨਾਲ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਹ ਈਥੇਨਾਲ ਉਤਪਾਦਨ ਲਈ ਇਸਤੇਮਾਲ ਕੀਤੀ ਜਾਣ ਵਾਲੀ ਟੈਕਨਾਲੋਜੀ ’ਚ ਵੀ ਮੋਹਰੀ ਹੈ। ਅਧਿਕਾਰੀ ਨੇ ਕਿਹਾ,‘‘ਵਿਵਾਦ ਨੂੰ ਸੁਲਝਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਤਹਿਤ ਕੁਝ ਦੌਰ ਦੀ ਗੱਲਬਾਤ ਹੋਈ ਹੈ। ਅਸੀਂ ਇਥੇ ਅੰਤਰ-ਮੰਤਰਾਲਾ ਬੈਠਕਾਂ ਵੀ ਕੀਤੀਆਂ ਹਨ।’’ ਬ੍ਰਾਜ਼ੀਲ ਨੇ ਕਿਹਾ ਹੈ ਕਿ ਇਹ ਸਾਡੇ ਨਾਲ ਈਥੇਨਾਲ (ਉਤਪਾਦਨ) ਟੈਕਨਾਲੋਜੀ ਸਾਂਝੀ ਕਰੇਗਾ। ਇਹ ਇਕ ਸਾਕਾਰਾਤਮਕ ਗੱਲ ਹੈ।

ਈਥੇਨਾਲ ਦਾ ਇਸਤੇਮਾਲ ਆਟੋ ਫਿਊਲ ’ਚ ਮਿਲਾਨ ਲਈ ਕੀਤਾ ਜਾਂਦਾ ਹੈ। ਗੰਨੇ ਦੇ ਨਾਲ-ਨਾਲ ਟੁੱਟੇ ਹੋਏ ਚੌਲਾਂ ਅਤੇ ਹੋਰ ਖੇਤੀ ਉਪਜ ਤੋਂ ਕੱਢੇ ਗਏ ਈਥੇਨਾਲ ਦੀ ਵਰਤੋਂ ਨਾਲ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਕੱਚੇ ਤੇਲ ਖਪਤਕਾਰ ਅਤੇ ਦਰਾਮਦਕਾਰ ਦੇਸ਼ ਨੂੰ ਦਰਾਮਦ ’ਤੇ ਆਪਣੀ ਨਿਰਭਰਤਾ ਨੂੰ ਘਟ ਕਰਨ ’ਚ ਮਦਦ ਮਿਲੇਗੀ। ਭਾਰਤ ਫਿਲਹਾਲ ਆਪਣੀ ਕੱਚੇ ਤੇਲ ਦੀ ਜ਼ਰੂਰਤ ਦਾ 85 ਫ਼ੀਸਦੀ ਦਰਾਮਦ ਕਰਦਾ ਹੈ। ਨਾਲ ਈਥੇਨਾਲ ਕਾਰਬਨ ਨਿਕਾਸੀ ’ਚ ਵੀ ਕਮੀ ਲਿਆਉਂਦਾ ਹੈ। ਭਾਰਤ ਨੇ 2025 ਤਕ ਪੈਟਰੋਲ ’ਚ 20 ਫ਼ੀਸਦੀ ਈਥੇਨਾਲ ਬਲੈਂਡਿੰਗ ਦਾ ਟੀਚਾ ਰੱਖਿਆ ਹੈ।

ਜਿਨੇਵਾ ਸਥਿਤ ਬਹੁਪੱਖੀ ਬਾਡੀਜ਼ ’ਚ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਨੂੰ ਰਸਮੀ ਰੂਪ ਨਾਲ ਸਹਿਮਤ ਸਮਾਧਾਨ ਤਹਿਤ ਆਪਣੇ ਵੱਲੋਂ ਵੀ ਕੁਝ ਪੇਸ਼ਕਸ਼ ਕਰਨੀ ਹੋਵੇਗੀ। ਹਾਲ ਹੀ ’ਚ ਭਾਰਤ ਅਤੇ ਅਮਰੀਕਾ ਨੇ 6 ਵਪਾਰ ਵਿਵਾਦਾਂ ਨੂੰ ਨਿਬੇੜਿਆ ਹੈ ਅਤੇ 7ਵੇਂ ਮਾਮਲੇ ਨੂੰ ਵੀ ਖ਼ਤਮ ਕਰਨ ’ਤੇ ਸਹਿਮਤੀ ਜਤਾਈ ਹੈ। ਇਸ ਸਮਾਧਾਨ ਤਹਿਤ ਜਿਥੇ ਭਾਰਤ ਨੇ ਸੇਬ ਅਤੇ ਅਖਰੋਟ ਵਰਗੇ 8 ਅਮਰੀਕੀ ਉਤਪਾਦਾਂ ’ਤੇ ਜਵਾਬੀ ਡਿਊਟੀ ਹਟਾ ਦਿੱਤੀ ਹੈ, ਉਥੇ ਅਮਰੀਕਾ ਵਾਧੂ ਡਿਊਟੀ ਲਾਏ ਬਿਨਾਂ ਭਾਰਤੀ ਇਸਪਾਤ ਅਤੇ ਐਲੂਮੀਨੀਅਮ ਉਤਪਾਦਾਂ ਨੂੰ ਬਾਜ਼ਾਰ ਪਹੁੰਚ ਪ੍ਰਦਾਨ ਕਰ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਭਾਰਤ ਡਬਲਯੂ. ਟੀ. ਓ. ’ਚ ਖੰਡ ਵਿਵਾਦ ’ਚ ਹੋਰ ਸ਼ਿਕਾਇਤਾਂ ਲਈ ਵੀ ਇਸੇ ਤਰ੍ਹਾਂ ਦੀ ਪ੍ਰਕਿਰਿਆ ਅਪਣਾ ਰਿਹਾ ਹੈ।

ਸਾਲ 2019 ’ਚ ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਗਵਾਟੇਮਾਲਾ ਨੇ ਭਾਰਤ ਨੂੰ ਡਬਲਯੂ. ਟੀ. ਓ. ਦੇ ਵਿਵਾਦ ਨਿਪਟਾਨ ਮੈਕਨੀਜ਼ਮ ’ਚ ਘਸੀਟਿਆ ਸੀ ਅਤੇ ਦੋਸ਼ ਲਾਇਆ ਸੀ। ਭਾਰਤ ਵੱਲੋਂ ਕਿਸਾਨਾਂ ਨੂੰ ਖੰਡ ਸਬਸਿਡੀ ਕੌਮਾਂਤਰੀ ਵਪਾਰ ਨਿਯਮਾਂ ਦੇ ਅਨੁਕੂਲ ਨਹੀਂ ਹੈ। 14 ਦਸੰਬਰ 2021 ਨੂੰ ਡਬਲਯੂ. ਟੀ. ਓ. ਵਿਵਾਦ ਨਿਪਟਾਨ ਪੈਨਲ ਨੇ ਫ਼ੈਸਲਾ ਸੁਣਾਇਆ ਕਿ ਖੰਡ ਖੇਤਰ ਨੂੰ ਭਾਰਤ ਦੇ ਸਮਰਥਨ ਉਪਾਅ ਕੌਮਾਂਤਰੀ ਵਪਾਰ ਮਾਪਦੰਡਾਂ ਦੇ ਅਨੁਕੂਲ ਨਹੀਂ ਹੈ। ਜਨਵਰੀ, 2022 ’ਚ ਭਾਰਤ ਨੇ ਡਬਲਯੂ. ਟੀ. ਓ. ਦੇ ਅਪੀਲੀਏ ਬਾਡੀਜ਼ ’ਚ ਪੈਨਲ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ। ਅਪੀਲੀਏ ਬਾਡੀਜ਼ ਨੂੰ ਵਿਵਾਦਾਂ ਖ਼ਿਲਾਫ਼ ਫ਼ੈਸਲੇ ਪਾਸ ਕਰਨ ਦਾ ਅੰਤਿਮ ਅਧਿਕਾਰ ਹੈ। ਹਾਲਾਂਕਿ ਅਪੀਲੀਏ ਬਾਡੀਜ਼ ਦੇ ਮੈਂਬਰਾਂ ਦੀਆਂ ਨਿਯੁਕਤੀਆਂ ’ਤੇ ਦੇਸ਼ਾਂ ’ਚ ਮਤਭੇਦ ਕਾਰਨ ਇਹ ਕਾਰਜ ਨਹੀਂ ਕਰ ਰਿਹਾ ਹੈ।

Add a Comment

Your email address will not be published. Required fields are marked *