ਹੰਕਾਰੀ ਗੱਠਜੋੜ ਨੇ ਸਨਾਤਨ ਨੂੰ ਖਤਮ ਕਰਨ ਦਾ ਲਿਆ ਸੰਕਲਪ : ਮੋਦੀ

(ਮੱਧ ਪ੍ਰਦੇਸ਼) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਨੂੰ ‘ਹੰਕਾਰੀ’ ਗੱਠਜੋੜ ਕਰਾਰ ਦਿੰਦੇ ਹੋਏ ਦੋਸ਼ ਲਾਇਆ ਹੈ ਕਿ ਇਸ ਦੇ ਨੇਤਾਵਾਂ ਨੇ ਸਨਾਤਨ ਕਦਰਾਂ-ਕੀਮਤਾਂ ਅਤੇ ਪ੍ਰੰਪਰਾਵਾਂ ਨੂੰ ਖ਼ਤਮ ਕਰਨ ਦਾ ਦ੍ਰਿੜ ਸੰਕਲਪ ਲਿਆ ਹੈ ਅਤੇ ਇਹ ਦੇਸ਼ ਨੂੰ ਇਕ ਹਜ਼ਾਰ ਸਾਲ ਦੀ ਗੁਲਾਮੀ ਵਿਚ ਧੱਕਣਾ ਚਾਹੁੰਦੇ ਹਨ। ਇਥੇ ਇਕ ਪ੍ਰੋਗਰਾਮ ਦੌਰਾਨ 50,800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਵਿਰੋਧੀ ਗੱਠਜੋੜ ’ਤੇ ਦੇਸ਼ ਅਤੇ ਸਮਾਜ ਨੂੰ ਵੰਡਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਇੱਥੇ ਕੁਝ ਪਾਰਟੀਆਂ ਵੀ ਹਨ ਜੋ ਦੇਸ਼ ਅਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਮਿਲ ਕੇ ਇਕ ਗੱਠਜੋੜ ਬਣਾਇਆ ਹੈ, ਜਿਸ ਨੂੰ ਕੁਝ ਲੋਕ ‘ਹੰਕਾਰੀ’ ਗੱਠਜੋੜ ਵੀ ਕਹਿੰਦੇ ਹਨ। ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨੇਤਾ ਤੈਅ ਨਹੀਂ ਹੈ ਅਤੇ ਲੀਡਰਸ਼ਿਪ ਨੂੰ ਲੈ ਕੇ ਭੰਬਲਭੂਸਾ ਹੈ, ਪਰ ਉਨ੍ਹਾਂ ਨੇ ਮੁੰਬਈ ’ਚ ਹੋਈ ਮੀਟਿੰਗ ’ਚ ‘ਹੰਕਾਰੀ ਗੱਠਜੋੜ’ ਦੀ ਨੀਤੀ ਅਤੇ ਰਣਨੀਤੀ ਤੈਅ ਕੀਤੀ ਹੈ ਅਤੇ ਲੁਕਵੇਂ ਏਜੰਡੇ ’ਤੇ ਵੀ ਫੈਸਲਾ ਕੀਤਾ ਹੈ |

ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ-20 ਦੀ ਸਫਲਤਾ ’ਤੇ ਅੱਜ ਦੇਸ਼ ਵਾਸੀ ਮਾਣ ਮਹਿਸੂਸ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਹੰਕਾਰੀ ਗੱਠਜੋੜ ਸਨਾਤਨ ਕਦਰਾਂ-ਕੀਮਤਾਂ ਅਤੇ ਪ੍ਰੰਪਰਾਵਾਂ ਨੂੰ ਖਤਮ ਕਰਨ ਦਾ ਮਤਾ ਲੈ ਕੇ ਆਇਆ ਹੈ। ਜਿਸ ਸਨਾਤਨ ’ਤੇ ਮਹਾਤਮਾ ਗਾਂਧੀ ਨੇ ਆਪਣੀ ਸਾਰੀ ਉਮਰ ਵਿਸ਼ਵਾਸ ਕੀਤਾ, ਉਹ ਸਨਾਤਨ ਜਿਸ ਨੇ ਉਨ੍ਹਾਂ ਨੂੰ ਛੂਤ-ਛਾਤ ਵਿਰੁੱਧ ਅੰਦੋਲਨ ਚਲਾਉਣ ਲਈ ਪ੍ਰੇਰਿਤ ਕੀਤਾ। ਇਹ ਹੰਕਾਰੀ ਗੱਠਜੋੜ ਲੋਕ ਉਸ ਸਨਾਤਨ ਪ੍ਰੰਪਰਾ ਨੂੰ ਖਤਮ ਕਰਨਾ ਚਾਹੁੰਦੇ ਹਨ। ਗਾਂਧੀ ਜੀ ਦੇ ਆਖਰੀ ਸ਼ਬਦ ਸਨ- ਹੇ ਰਾਮ…। ਉਹ ਸਾਰੀ ਉਮਰ ਸਨਾਤਨ ਦੇ ਪੱਖ ਵਿਚ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਵਿਚ ਬੈਠੇ ਸਨਾਤਨੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸੰਗਠਨ ਦੀ ਤਾਕਤ ਨਾਲ ਵਿਰੋਧੀ ਗੱਠਜੋੜ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿਓ। ਮੱਧ ਪ੍ਰਦੇਸ਼ ਭਾਰਤ ਨੂੰ ਵਿਸ਼ਵ ਦੀਆਂ ਟਾਪ-3 ਅਰਥਵਿਵਸਥਾਵਾਂ ਵਿਚ ਲਿਆਉਣ ਵਿਚ ਵੱਡੀ ਭੂਮਿਕਾ ਨਿਭਾਏਗਾ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਨ੍ਹਾਂ ਵਿਚ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਦੀ ਬੀਨਾ ਰਿਫਾਇਨਰੀ ਵਿਚ 49,000 ਕਰੋੜ ਰੁਪਏ ਦੀ ਲਾਗਤ ਨਾਲ ਇਕ ਪੈਟਰੋ ਕੈਮੀਕਲ ਕੰਪਲੈਕਸ ਅਤੇ ਸੂਬੇ ਭਰ ਵਿਚ 1800 ਕਰੋੜ ਰੁਪਏ ਦੇ 10 ਨਵੇਂ ਉਦਯੋਗਿਕ ਪ੍ਰੋਜੈਕਟ ਸ਼ਾਮਲ ਹਨ।

Add a Comment

Your email address will not be published. Required fields are marked *