ਭਾਰਤ ਦੌਰੇ ਮਗਰੋਂ ਵਿਵਾਦਾਂ ‘ਚ ਘਿਰੇ ਕੈਨੇਡੀਅਨ PM ਟਰੂਡੋ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਸਭ ਕੁਝ ਠੀਕ ਨਹੀਂ ਚੱਲ ਰਿਹਾ। ਭਾਰਤ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਹਰ ਪਾਸਿਓਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਅਤੇ ਵਿਰੋਧੀ ਪਾਰਟੀਆਂ ਨੇ ਜੀ-20 ਦੌਰਾਨ ਭਾਰਤ ਦੀ ਅਣਦੇਖੀ ਨੂੰ ਲੈ ਕੇ ਹਰ ਮੋਰਚੇ ‘ਤੇ ਉਸ ਨੂੰ ਘੇਰਿਆ ਹੈ। ਇਸ ਦੇ ਨਾਲ ਹੀ ਦੇਸ਼ ‘ਚ ਚੱਲ ਰਹੀ ਸਿਆਸੀ ਉਥਲ-ਪੁਥਲ ਦੌਰਾਨ ਉਸ ‘ਤੇ ਕੈਨੇਡਾ ਦੇ ਵਿਦੇਸ਼ੀ ਸਬੰਧਾਂ ਨੂੰ ਵਿਗਾੜਨ ਦਾ ਵੀ ਦੋਸ਼ ਲੱਗਾ ਹੈ। ਘਰੇਲੂ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦਾ ਅਸਤੀਫ਼ਾ ਮੰਗਿਆ ਜਾ ਰਿਹਾ ਹੈ।

ਕੈਨੇਡਾ ਦੇ ਪ੍ਰਮੁੱਖ ਅਖਬਾਰ ‘ਦਿ ਟੋਰਾਂਟੋ ਸਨ’ ਨੇ 10 ਸਤੰਬਰ ਨੂੰ ‘ਦਿਸ ਵੇ ਆਉਟ’ ਸਿਰਲੇਖ ਦੇ ਨਾਲ ਇੱਕ ਮੁੱਖ ਪੰਨਾ ਪ੍ਰਕਾਸ਼ਿਤ ਕੀਤਾ, ਜਿਸ ਵਿੱਚ ਮੋਦੀ ਦੁਆਰਾ ਟਰੂਡੋ ਨੂੰ ਜੀ-20 ਸਥਾਨ, ਭਾਰਤ ਮੰਡਪਮ ਵਿਖੇ ਹੱਥ ਮਿਲਾਉਣ ਤੋਂ ਬਾਅਦ ਅੱਗੇ ਵਧਣ ਦਾ ਸੰਕੇਤ ਦਿੱਤਾ ਗਿਆ ਸੀ। ਅਖ਼ਬਾਰ ਨੇ ਇਹ ਵੀ ਦੱਸਿਆ ਕਿ ਟਰੂਡੋ ਨੂੰ ਭਾਰਤ ਵਿੱਚ G20 ਸੰਮੇਲਨ ਵਿੱਚ ਕੁਝ ਹੀ ਦੋਸਤ ਮਿਲੇ। ਉੱਧਰ ਕੰਜ਼ਰਵੇਟਿਵ ਕੈਨੇਡੀਅਨ ਮੀਡੀਆ ਰਿਬੇਲ ਨਿਊਜ਼ ਨੇ ਰਿਪੋਰਟ ਦਿੱਤੀ ਕਿ ਪ੍ਰਧਾਨ ਮੰਤਰੀ “ਜਸਟਿਨ ਟਰੂਡੋ ਨੇ ਦੂਜੀ ਵਾਰ ਭਾਰਤ ਵਿੱਚ ਕੈਨੇਡਾ ਨੂੰ ਸ਼ਰਮਿੰਦਾ ਕੀਤਾ ਹੈ, ਪਰ ਸਾਰੇ ਗ਼ਲਤ ਕਾਰਨਾਂ ਕਰਕੇ।”

ਸਿਆਸੀ ਸਰਵੇਖਣਾਂ ਵਿੱਚ ਵੀ ਉਹ ਵਿਰੋਧੀ ਕੰਜ਼ਰਵੇਟਿਵ ਪਾਰਟੀ ਤੋਂ ਪਿੱਛੇ ਰਹਿ ਗਏ ਹਨ। ਟਰੂਡੋ ਨੂੰ ਆਪਣੇ ਮੁੱਖ ਵਿਰੋਧੀ ਪੀਅਰੇ ਪੋਇਲੀਵਰ ਤੋਂ 14 ਅੰਕ ਘੱਟ ਮਿਲੇ, ਜਿਸ ਕਾਰਨ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕੀ ਉਹ ਆਪਣਾ ਅਹੁਦਾ ਛੱਡਣਗੇ? ਜਵਾਬ ਦਿੰਦੇ ਹੋਏ ਟਰੂਡੋ ਨੇ ਕਿਹਾ ਕਿ ਹਾਲੇ ਉਨ੍ਹਾਂ ਨੇ ਬਹੁਤ ਕੰਮ ਕਰਨਾ ਹੈ। ਹਾਲਾਂਕਿ ਉਸਨੇ ਮੰਨਿਆ ਹੈ ਕਿ ਉਸਦੀ ਜੀਵਨ ਸ਼ੈਲੀ ਦੇ ਖਰਚੇ ਵੱਧ ਗਏ ਹਨ। ਇੱਕ ਸਰਵੇਖਣ ਮੁਤਾਬਕ ਜੇਕਰ ਦੇਸ਼ ਵਿੱਚ ਹੁਣ ਚੋਣਾਂ ਹੁੰਦੀਆਂ ਹਨ ਤਾਂ ਟਰੂਡੋ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕਦਾ ਹੈ। ਹਾਲਾਂਕਿ ਟਰੂਡੋ ਦੀ ਲਿਬਰਲ ਪਾਰਟੀ ਨੂੰ ਖੱਬੇਪੱਖੀ ਨਿਊ ਡੈਮੋਕਰੇਟਸ ਦੀ ਹਮਾਇਤ ਹਾਸਲ ਹੈ, ਜਿਸ ਕਾਰਨ ਉਹ ਅਕਤੂਬਰ 2025 ਤੱਕ ਸੱਤਾ ‘ਚ ਰਹਿ ਸਕਦੇ ਹਨ ਪਰ ਦੇਸ਼ ਦੇ ਹਾਲਾਤ ਨੂੰ ਦੇਖਦੇ ਹੋਏ ਦੋਵਾਂ ਪਾਰਟੀਆਂ ਵਿਚਾਲੇ ਹੋਇਆ ਸਮਝੌਤਾ ਰੱਦ ਵੀ ਹੋ ਸਕਦਾ ਹੈ।

ਜਦੋਂ ਪੱਤਰਕਾਰਾਂ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਪੁੱਛਿਆ ਕੀ ਉਹ ਅਸਤੀਫਾ ਦੇ ਕੇ ਆਪਣਾ ਅਹੁਦਾ ਛੱਡਣ ਜਾ ਰਹੇ ਹਨ? ਇਸ ‘ਤੇ ਉਨ੍ਹਾਂ ਦਾ ਜਵਾਬ ਸੀ, ‘ਅਗਲੀਆਂ ਚੋਣਾਂ ‘ਚ ਅਜੇ 2 ਸਾਲ ਬਾਕੀ ਹਨ, ਫਿਲਹਾਲ ਮੈਂ ਆਪਣਾ ਕੰਮ ਜਾਰੀ ਰੱਖ ਰਿਹਾ ਹਾਂ। ਅਜੇ ਬਹੁਤ ਕੰਮ ਕਰਨੇ ਬਾਕੀ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਸਿੱਖਾਂ ਦੀ ਵੱਡੀ ਆਬਾਦੀ ਹੈ। ਇੱਥੋਂ ਦੀ ਸਿਆਸਤ ਵਿੱਚ ਸਿੱਖਾਂ ਦਾ ਬਹੁਤ ਪ੍ਰਭਾਵ ਹੈ। ਭਾਰਤ ਵਿੱਚ ਕਿਸਾਨ ਅੰਦੋਲਨ ਦੌਰਾਨ ਕੈਨੇਡੀਅਨ ਸਿੱਖਾਂ ਨੇ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਸੀ ਅਤੇ ਕਿਸਾਨਾਂ ਦਾ ਪੂਰਾ ਸਮਰਥਨ ਕੀਤਾ ਸੀ। ਦੂਜੇ ਪਾਸੇ ਕੈਨੇਡਾ ਦੀ ਧਰਤੀ ‘ਤੇ ‘ਖਾਲਿਸਤਾਨ’ ਨਾਲ ਸਬੰਧਤ ਗਤੀਵਿਧੀਆਂ ਦਾ ਭਾਰਤ ਵੱਲੋਂ ਵਿਰੋਧ ਜਾਰੀ ਹੈ। ਭਾਰਤ ਦਾ ਇਲਜ਼ਾਮ ਹੈ ਕਿ ਕੈਨੇਡਾ ਦੀ ਧਰਤੀ ‘ਭਾਰਤ ਵਿਰੋਧੀ’ ਗਤੀਵਿਧੀਆਂ ਲਈ ਵਰਤੀ ਜਾ ਰਹੀ ਹੈ। ਕੈਨੇਡਾ ਸਰਕਾਰ ਵੱਲੋਂ ਭਾਰਤ ਦੀ ਸ਼ਿਕਾਇਤ ਵੱਲ ਧਿਆਨ ਨਾ ਦੇਣ ਕਾਰਨ ਨਾਰਾਜ਼ਗੀ ਹੈ। ਕੈਨੇਡਾ ਕੋਲ ਜੀ-20 ਵਿੱਚ ਸੁਨਹਿਰੀ ਮੌਕਾ ਸੀ, ਪਰ ਉਹ ਇਸ ਦਾ ਲਾਭ ਨਹੀਂ ਉਠਾ ਸਕਿਆ।

Add a Comment

Your email address will not be published. Required fields are marked *