ਪ੍ਰਸਿੱਧ ਅਦਾਕਾਰ ਧਰਮਿੰਦਰ ਦੀ ਵਿਗੜੀ ਸਿਹਤ
![](http://mehakewattan.com/wp-content/uploads/2023/09/2023_9image_11_31_30406159007-ll.jpg)
ਮੁੰਬਈ : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਹੈ। ਇਹ ਸਭ ਵੇਖਦਿਆਂ ਸੰਨੀ ਦਿਓਲ ਆਪਣੇ ਪਿਤਾ ਦੇ ਇਲਾਜ ਲਈ ਅਮਰੀਕਾ ਰਵਾਨਾ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ‘ਚ ਉਹ 15-20 ਦਿਨ ਰੁਕਣ ਵਾਲੇ ਹਨ ਤਾਂ ਜੋ ਧਰਮਿੰਦਰ ਦਾ ਸਹੀ ਤਰੀਕੇ ਨਾਲ ਇਲਾਜ ਹੋ ਸਕੇ।
ਖ਼ਬਰਾਂ ਮੁਤਾਬਕ, ਧਰਮਿੰਦਰ ਪਿਛਲੇ ਕੁਝ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਸੰਨੀ ਦਿਓਲ ਆਪਣੇ ਪਿਤਾ ਨੂੰ ਇਲਾਜ ਲਈ ਅਮਰੀਕਾ ਲੈ ਗਏ ਹਨ। ਸੰਨੀ ਦਿਓਲ ਨੇ ਆਪਣੇ ਕਰੀਅਰ ਤੋਂ ਕੁਝ ਦਿਨਾਂ ਲਈ ਬ੍ਰੇਕ ਲਿਆ ਹੈ ਅਤੇ ਆਪਣੇ ਪਿਤਾ ਦੀ ਦੇਖਭਾਲ ਕਰਨ ਦਾ ਫ਼ੈਸਲਾ ਕੀਤਾ ਹੈ। ਦੱਸ ਦਈਏ ਕਿ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ 2’ ਨੂੰ ਲੈ ਕੇ ਖ਼ੂਬ ਸੁਰਖੀਆਂ ‘ਚ ਹਨ। ਉਨ੍ਹਾਂ ਦੀ ਫ਼ਿਲਮ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਵੱਡੀ ਕਮਾਈ ਕੀਤੀ ਹੈ। ਫ਼ਿਲਮ ਨੂੰ ਰਿਲੀਜ਼ ਹੋਏ ਇਕ ਮਹੀਨਾ ਹੋ ਗਿਆ ਹੈ ਅਤੇ ਹੁਣ ਤੱਕ ਦਰਸ਼ਕ ‘ਗਦਰ 2’ ਦੇ ਦੀਵਾਨੇ ਹਨ।
ਦੱਸਣਯੋਗ ਹੈ ਕਿ ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ਬਾਕਸ ਆਫਿਸ ’ਤੇ ਰੁਕਣ ਦਾ ਨਾਂ ਨਹੀਂ ਲੈ ਰਹੀ। ਇਹ ਫ਼ਿਲਮ ਆਏ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ‘ਗਦਰ 2’ ਨੇ ਹੁਣ ਪ੍ਰਭਾਸ ਦੀ ‘ਬਾਹੂਬਲੀ 2’ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਦੇ ਨਾਲ ਹੀ ‘ਗਦਰ 2’ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣ ਗਈ ਹੈ। ‘ਗਦਰ 2’ ਤੋਂ ਅੱਗੇ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਹੈ। ‘ਗਦਰ 2’ ਨੇ ਹੁਣ ਤਕ ਕੁਲ 515.03 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ‘ਬਾਹੂਬਲੀ 2’ ਨੇ ਹਿੰਦੀ ’ਚ ਲਾਈਫਟਾਈਮ ਕਲੈਕਸ਼ਨ 510.99 ਕਰੋੜ ਰੁਪਏ ਦੀ ਕੀਤੀ ਸੀ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)