ਰਜਨੀਕਾਂਤ ਦੀ ‘ਜੇਲਰ’ ਦੀ ਖੁਸ਼ੀ ਮਨਾਉਣ ਲਈ ਵੰਡੇ ਕਰੋੜਾਂ ਰੁਪਏ

ਨਵੀਂ ਦਿੱਲੀ – ਰਜਨੀਕਾਂਤ ਦੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਜੇਲ੍ਹਰ’ ਨੂੰ ਹੁਣ ਸਿਨੇਮਾਘਰਾਂ ਤੋਂ ਹਟਾ ਦਿੱਤਾ ਗਿਆ ਹੈ ਪਰ ਫ਼ਿਲਮ ਨੂੰ ਓਟੀਟੀ ਪਲੇਟਫਾਰਮ ‘ਤੇ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਜਿਹੜੇ ਲੋਕਾਂ ਨੇ ‘ਜੇਲ੍ਹਰ’ ਨੂੰ ਥੀਏਟਰ ‘ਚ ਨਹੀਂ ਵੇਖਿਆ, ਉਹ OTT ਦੇ Amazon Prime ‘ਤੇ ਇਸ ਦਾ ਆਨੰਦ ਲੈ ਰਹੇ ਹਨ। ਫ਼ਿਲਮ ਦਾ ਜਾਦੂ ਅੱਜ ਵੀ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਫ਼ਿਲਮ ਦੀ ਸਫ਼ਲਤਾ ਵਿਚਕਾਰ ਨਿਰਮਾਤਾਵਾਂ ਨੇ 300 ਤੋਂ ਵੱਧ ਲੋਕਾਂ ਨੂੰ ਸੋਨੇ ਦੇ ਸਿੱਕੇ ਤੋਹਫ਼ੇ ‘ਚ ਦਿੱਤੇ ਹਨ।

ਦੱਸ ਦਈਏ ਕਿ ਫ਼ਿਲਮ ‘ਜੇਲ੍ਹਰ’ ਦੀ ਸਫ਼ਲਤਾ ‘ਤੇ ਨਿਰਦੇਸ਼ਕ ਨੈਲਸਨ ਦਿਲੀਪ ਕੁਮਾਰ ਨੇ ਰਜਨੀਕਾਂਤ ਨੂੰ ਇਕ ਲਗਜ਼ਰੀ ਕਾਰ ਤੋਹਫ਼ੇ ‘ਚ ਦਿੱਤੀ ਹੈ। ਇਹ ਕਾਰ ਉਨ੍ਹਾਂ ਨੂੰ ਹੀ ਨਹੀਂ, ਸਗੋਂ ਸੰਗੀਤਕਾਰ ਅਨੁਰੁਧ ਰਵੀਚੰਦਰ ਨੂੰ ਵੀ ਦਿੱਤੀ ਪਰ ਜਸ਼ਨ ਇੱਥੇ ਹੀ ਖ਼ਤਮ ਨਹੀਂ ਹੋਇਆ। ਹਾਲ ਹੀ ‘ਚ ਫ਼ਿਲਮ ਦੀ ਸਫ਼ਲਤਾ ਦੀ ਪਾਰਟੀ ਰੱਖੀ ਗਈ, ਜਿੱਥੇ ਨਿਰਮਾਤਾ ਕਲਾਨਿਤੀ ਮਾਰਨ ਨੇ ਫ਼ਿਲਮ ‘ਚ ਕੰਮ ਕਰ ਰਹੇ 300 ਤੋਂ ਵੱਧ ਲੋਕਾਂ ਨੂੰ ਸੋਨੇ ਦੇ ਸਿੱਕੇ ਤੋਹਫ਼ੇ ਵਜੋਂ ਦਿੱਤੇ। ਫ਼ਿਲਮ ਦੀ ਪ੍ਰੋਡਕਸ਼ਨ ਕੰਪਨੀ ਸਨ ਪਿਕਚਰਜ਼ ਵੱਲੋਂ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ‘ਚ ‘ਜੇਲ੍ਹਰ’ ‘ਚ ਕੰਮ ਕਰਨ ਵਾਲੇ ਲੋਕਾਂ ਨੂੰ ਸੋਨੇ ਦੇ ਸਿੱਕੇ ਦੇ ਕੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਈ ਲੋਕਾਂ ਨੇ ਟੀਮ ਦੀ ਕੋਸ਼ਿਸ਼ ਦੀ ਤਾਰੀਫ ਕੀਤੀ ਹੈ। 

ਦੱਸਣਯੋਗ ਹੈ ਕਿ ਇਸ ਫ਼ਿਲਮ ‘ਚ ਰਜਨੀਕਾਂਤ ਮੁੱਖ ਭੂਮਿਕਾ ‘ਚ ਹਨ। ਫ਼ਿਲਮ ‘ਚ ਰਾਮਿਆ ਕ੍ਰਿਸ਼ਨਨ ਨੇ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਵਿਨਾਇਕਨ ਫ਼ਿਲਮ ਦੇ ਖਲਨਾਇਕ ਬਣੇ ਹਨ। ਇਸ ਤੋਂ ਇਲਾਵਾ ਜੈਕੀ ਸ਼ਰਾਫ, ਸ਼ਿਵ ਰਾਜਕੁਮਾਰ ਅਤੇ ਤਮੰਨਾ ਭਾਟੀਆ ਨੇ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ। ਇਸ ਫ਼ਿਲਮ ਨੂੰ ਦੁਨੀਆ ਭਰ ‘ਚ ਕਾਫੀ ਪਸੰਦ ਕੀਤਾ ਗਿਆ ਸੀ। ‘ਜੇਲ੍ਹਰ’ ਨੇ ਘਰੇਲੂ ਬਾਕਸ ਆਫਿਸ ‘ਤੇ ਕਰੀਬ 400 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ ਇਸ ਨੇ ਦੁਨੀਆ ਭਰ ‘ਚ 610 ਕਰੋੜ ਰੁਪਏ ਤੱਕ ਦੀ ਕਮਾਈ ਕੀਤੀ। ‘ਜੇਲ੍ਹਰ’ ਤਾਮਿਲ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਕੇ ਉਭਰੀ ਹੈ। ਜਦੋਂ ਕਿ ਇਹ ਦੁਨੀਆ ਭਰ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਦੂਜੀ ਤਾਮਿਲ ਫ਼ਿਲਮ ਬਣ ਗਈ ਹੈ।

Add a Comment

Your email address will not be published. Required fields are marked *