ਅਮਰੀਕੀ ਓਪਨ ਦੇ ਫਾਈਨਲ ’ਚ ਫਿਰ ਆਹਮੋ-ਸਾਹਮਣੇ ਹੋਣਗੇ ਜੋਕੋਵਿਚ ਅਤੇ ਮੇਦਵੇਦੇਵ

ਨਿਊਯਾਰਕ- ਸਰਬੀਆਈ ਸੁਪਰਸਟਾਰ ਨੋਵਾਕ ਜੋਕੋਵਿਚ ਨੇ ਅਮਰੀਕੀ ਓਪਨ ਦੇ ਸੈਮੀਫਾਈਨਲ ’ਚ ਬੇਨ ਸ਼ੇਲਟਨ ਨੂੰ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ, ਜਿਸ ’ਚ ਉਸ ਦਾ ਸਾਹਮਣਾ ਦਾਨਿਲ ਮੇਦਵੇਦੇਵ ਨਾਲ ਹੋਵੇਗਾ। ਜੋਕੋਵਿਚ 20 ਸਾਲ ਦੇ ਗੈਰ-ਦਰਜਾ ਅਮਰੀਕੀ ਖਿਡਾਰੀ ਸ਼ੇਲਟਨ ਨੂੰ 6-3, 6-2, 7-6 (4) ਨਾਲ ਹਰਾ ਕੇ ਫਲਸ਼ਿੰਗ ਮਿਡੋਜ ’ਚ ਰਿਕਾਰਡ ਬਰਾਬਰੀ ਕਰ ਕੇ 10ਵੀਂ ਵਾਰ ਫਾਈਨਲ ’ਚ ਪੁੱਜਾ। ਇਹ ਉਸ ਦਾ ਗਰੈਂਡ ਸਲੈਮ ’ਚ 36ਵਾਂ ਫਾਈਨਲ ਵੀ ਹੈ।

ਕੋਵਿਡ-19 ਟੀਕਾਕਰਨ ਨਾ ਕਰਵਾਉਣ ਕਾਰਨ ਉਹ ਪਿਛਲੇ ਸਾਲ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਿਆ ਸੀ ਪਰ ਹੁਣ ਇਹ 36 ਸਾਲਾ ਖਿਡਾਰੀ ਨਿਊਯਾਰਕ ’ਚ ਆਪਣਾ ਚੌਥਾ ਖਿਤਾਬ ਅਤੇ ਕੁਲ 24ਵੀਂ ਗਰੈਂਡ ਸਲੈਮ ਟਰਾਫੀ ਤੋਂ ਸਿਰਫ ਇਕ ਜਿੱਤ ਦੂਰ ਹੈ। ਜੋਕੋਵਿਚ ਜੇਕਰ ਇਹ ਖਿਤਾਬ ਜਿੱਤ ਜਾਂਦਾ ਹੈ ਤਾਂ ਉਹ (1968 ਤੋਂ ਸ਼ੁਰੂ) ਪੇਸ਼ੇਵਰ ਯੁਗ ’ਚ ਅਮਰੀਕੀ ਓਪਨ ਜਿੱਤਣ ਵਾਲਾ ਸਭ ਤੋਂ ਸੀਨੀਅਰ ਖਿਡਾਰੀ ਬਣ ਜਾਵੇਗਾ।

ਉਸ ਨੇ ਕਿਹਾ,‘‘ਸਚ ਇਹ ਹੈ ਕਿ 36 ਦੀ ਉਮਰ, ਹਰੇਕ ਗਰੈਂਡ ਸਲੈਮ ਦਾ ਫਾਈਨਲ ’ਚ ਪਹੁੰਚਣਾ, ਇਹ ਆਖਰੀ ਹੋ ਸਕਦਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ 10 ਸਾਲ ਪਹਿਲਾਂ ਦੀ ਤੁਲਨਾ ’ਚ ਮੈਂ ਇਕ ਹੋਰ ਗਰੈਂਡ ਸਲੈਮ ਜਿੱਤਣ ਦੇ ਮੌਕੇ ਨੂੰ ਹੁਣ ਜ਼ਿਆਦਾ ਤਰਜੀਹ ਦਿੰਦਾ ਹਾਂ।’’ ਜੋਕੋਵਿਚ ਨੇ ਇਸ ਸੈਸ਼ਨ ’ਚ ਸਾਰੇ ਚਾਰੋਂ ਮੇਜਰ ਟੂਰਨਾਮੈਂਟ ਦੇ ਫਾਈਨਲ ’ਚ ਪ੍ਰਵੇਸ਼ ਕੀਤਾ ਹੈ, ਜਿਸ ’ਚ ਉਹ ਜਨਵਰੀ ’ਚ ਆਸਟ੍ਰੇਲੀਅਨ ਓਪਨ ਅਤੇ ਜੂਨ ’ਚ ਫਰੈਂਚ ਓਪਨ ’ਚ ਟਰਾਫੀ ਜਿੱਤਣ ’ਚ ਸਫਲ ਰਿਹਾ ਸੀ। 

ਐਤਵਾਰ ਨੂੰ ਜੋਕੋਵਿਚ ਦਾ ਸਾਹਮਣਾ 2021 ਅਮਰੀਕੀ ਓਪਨ ਚੈਂਪੀਅਨ ਦਾਨਿਲ ਮੇਦਵੇਦੇਵ ਨਾਲ ਹੋਵੇਗਾ, ਜਿਸ ਨੇ ਦੂਜੇ ਸੈਮੀਫਾਈਨਲ ’ਚ ਬੀਤੇ ਚੈਂਪੀਅਨ ਕਾਰਲੋਸ ਅਲਕਾਰਾਜ ਨੂੰ 7-6 (3), 6-1, 3-6, 6-3 ਨਾਲ ਹਰਾਇਆ। ਮੇਦਵੇਦੇਵ ਨੇ 2 ਸਾਲ ਪਹਿਲਾਂ ਫਲਸ਼ਿੰਗ ਮਿਡੋਜ ਦੇ ਫਾਈਨਲ ’ਚ ਜੋਕੋਵਿਚ ਨੂੰ ਹਰਾ ਕੇ ਉਸ ਦੀ ਕੈਲੰਡਰ ਸਾਲ ਗਰੈਂਡ ਸਲੈਮ ਪੂਰਾ ਕਰਨ ਦੀ ਉਮੀਦ ’ਤੇ ਪਾਣੀ ਫੇਰ ਦਿੱਤਾ ਸੀ। ਜੇਕਰ ਜੋਕੋਵਿਚ ਖਿਤਾਬ ਜਿੱਤ ਲੈਂਦਾ ਹੈ ਤਾਂ ਉਹ ਓਪਨ ਯੁਗ ’ਚ ਸਭ ਤੋਂ ਜ਼ਿਆਦਾ ਸਿੰਗਲ ਮੇਜਰ ਚੈਂਪੀਅਨਸ਼ਿਪ ਜਿੱਤਣ ਦੇ ਮਾਮਲੇ ’ਚ ਸੇਰੇਨਾ ਵਿਲੀਅਮਸ ਨੂੰ ਪਿੱਛੇ ਛੱਡ ਦੇਵੇਗਾ।

Add a Comment

Your email address will not be published. Required fields are marked *