ਵਿਵਾਦ ਵੱਧਦਾ ਵੇਖ ਗਾਇਕ ਮਾਸਟਰ ਸਲੀਮ ਨੇ ਜਲੰਧਰ ਪਹੁੰਚ ਹੱਥ ਜੋੜ ਮੰਗੀ ਮੁਆਫ਼ੀ

ਪੰਜਾਬੀ ਗਾਇਕ ਮਾਸਟਰ ਸਲੀਮ ਵਲੋਂ ਮਾਤਾ ਚਿੰਤਪੂਰਨੀ ਸਬੰਧੀ ਦਿੱਤੇ ਆਪਣੇ ਬਿਆਨ ਦੇ ਚਲਦਿਆਂ ਲਗਾਤਾਰ ਵਿਵਾਦਾਂ ‘ਚ ਘਿਰਦੇ ਜਾ ਰਹੇ ਹਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਮਾਸਟਰ ਸਲੀਮ ਨੇ ਜਲੰਧਰ ਵਿਖੇ ਮਾਡਲ ਟਾਊਨ ਦੇ ਗੀਤਾ ਮੰਦਰ ਜਾ ਕੇ ਮੁਆਫ਼ੀ ਮੰਗ ਲਈ ਹੈ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਪਹੁੰਚੇ ਮਾਸਟਰ ਸਲੀਮ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮੇਰੇ ਕੋਲੋਂ ਜਿਹੜੀਆਂ ਗਲਤੀਆਂ ਹੋਈਆਂ ਹਨ, ਮੈਂ ਉਨ੍ਹਾਂ ਲਈ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ ਹਿੰਦੂ ਨੇਤਾਵਾਂ ਤੇ ਪੁਜਾਰੀ ਵਲੋਂ ਵੀ ਮੁਆਫ਼ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਮਾਸਟਰ ਸਲੀਮ ਪਹਿਲਾ ਮਾਤਾ ਚਿੰਤਪੂਰਨੀ ਜੀ ਦੇ ਦਰਬਾਰ ਮੁਆਫ਼ੀ ਮੰਗਣ ਪਹੁੰਚੇ ਸਨ।

ਮਾਸਟਰ ਸਲੀਮ ਨੇ ਨਕੋਦਰ ਵਿਖੇ ਕਿਹਾ ਸੀ,‘‘ਮੈਂ ਚਿੰਤਪੂਰਨੀ ਗਿਆ, ਮਾਤਾ ਰਾਣੀ ਦੇ ਦਰਸ਼ਨ ਕੀਤੇ, ਪੂਜਾਰੀ ਜੀ ਨੇ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਏ। ਇਸ ਤੋਂ ਬਾਅਦ ਮੈਨੂੰ ਕਹਿੰਦੇ ਆਰਤੀ ਲੈ ਲਓ, ਫਿਰ ਮੈਂ ਆਰਤੀ ਲਈ। ਇਸ ਤੋਂ ਬਾਅਦ ਉਨ੍ਹਾਂ ਮੈਨੂੰ ਕਿਹਾ ਕਿ ਆਓ ਬੈਠਦੇ ਹਾਂ, ਫਿਰ ਉਨ੍ਹਾਂ ਕਿਹਾ ਕਿ ਇਹ ਤਾਂ ਹੋ ਗਈ ਮਾਂ ਦੀ ਗੱਲ, ਮਾਂ ਨੇ ਤੈਨੂੰ ਆਸ਼ੀਰਵਾਦ ਦੇ ਦਿੱਤਾ, ਹੁਣ ਸੁਣਾਓ ਮੇਰੇ ਪਿਓ ਦਾ ਕੀ ਹਾਲ ਹੈ, ਕਹਿੰਦੇ ਬਾਬਾ ਮੁਰਾਦ ਸ਼ਾਹ ਸਰਕਾਰ, ਬਾਬਾ ਗੁਲਾਮ ਸ਼ਾਹ ਸਰਕਾਰ ਦਾ ਕੀ ਹਾਲ ਹੈ।’’
ਇਸ ਬਿਆਨ ਤੋਂ ਬਾਅਦ ਲੋਕਾਂ ਦਾ ਭਾਰੀ ਵਿਰੋਧ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਇੰਸਟਾਗ੍ਰਾਮ ’ਤੇ ਇਕ ਲਾਈਵ ਵੀਡੀਓ ਪੋਸਟ ਕਰਦਿਆਂ ਮਾਸਟਰ ਸਲੀਮ ਵਲੋਂ ਮੁਆਫ਼ੀ ਮੰਗੀ ਗਈ।

ਆਪਣੇ ਬਿਆਨ ਨੂੰ ਲੈ ਕੇ ਮੁਆਫ਼ੀ ਮੰਗਦਿਆਂ ਸਲੀਮ ਨੇ ਕਿਹਾ, ‘‘ਮੈਂ ਮਾਤਾ ਰਾਣੀ ਨਾਲ ਕਿਸੇ ਦੀ ਤੁਲਨਾ ਕਰਾਂ ਇਹ ਹੋ ਨਹੀਂ ਸਕਦਾ। ਮਾਤਾ ਰਾਣੀ ਸਾਰੀ ਦੁਨੀਆ ਦੀ ਮਾਂ ਹਨ। ਸਾਡੇ ਦਾਤਾ ਜੀ ਨੇ ਵੀ ਮੈਨੂੰ ਇਹੀ ਕਿਹਾ ਸੀ ਕਿ ਸਲੀਮ ਜੈ ਮਾਤਾ ਦੀ ਕਰਿਆ ਕਰ। ਮਾਂ ਤੋਂ ਵੱਡਾ ਕੋਈ ਨਹੀਂ। ਚਿੰਤਪੂਰਨੀ ਮਾਤਾ ਸਾਡੇ ਸਾਰਿਆਂ ਦੀ ਮਾਂ ਹੈ, ਸਾਡੇ ਗੁਰੂਆਂ ਦੀ ਵੀ ਮਾਂ ਹੈ। ਕੁਝ ਮੇਰੇ ਚਾਹੁਣ ਵਾਲਿਆਂ ਨੂੰ ਇਸ ਗੱਲ ਤੋਂ ਇਤਰਾਜ਼ ਸੀ, ਮੈਨੂੰ ਉਨ੍ਹਾਂ ਦਾ ਇਤਰਾਜ਼ ਮਨਜ਼ੂਰ ਹੈ ਤੇ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ। ਮਾਂ ਤੋਂ ਵੱਡੀ ਤਾਕਤ ਕੋਈ ਨਹੀਂ ਕਿਉਂਕਿ ਉਹ ਸਾਰੇ ਜਗਤ ਦੀ ਮਾਂ ਹੈ।’’

ਮਾਤਾ ਚਿੰਤਪੂਰਨੀ ਸਬੰਧੀ ਦਿੱਤੇ ਆਪਣੇ ਬਿਆਨ ਦੇ ਚਲਦਿਆਂ ਮਾਸਟਰ ਸਲੀਮ ਖ਼ਿਲਾਫ਼ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਰਜ ਹੋਈ ਸੀ। ਸ਼ਿਕਾਇਤਕਰਤਾਵਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਲੀਮ ਦੇ ਬਿਆਨ ਨੂੰ ਵੈਰੀਫਾਈ ਕਰਨ ਲਈ ਮਾਤਾ ਚਿੰਤਪੂਰਨੀ ਵਿਖੇ ਕਾਲ ਕਰਕੇ ਪੂਜਾਰੀਆਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਤਾ ਲੱਗਾ ਹੈ ਕਿ ਕਿਸੇ ਵੀ ਪੂਜਾਰੀ ਨੇ ਅਜਿਹੀ ਗੱਲ ਨਹੀਂ ਕੀਤੀ ਹੈ ਤੇ ਅਜਿਹਾ ਕੋਈ ਵਾਕਿਆ ਨਹੀਂ ਹੋਇਆ ਹੈ, ਜੋ ਮਾਸਟਰ ਸਲੀਮ ਨੇ ਨਕੋਦਰ ਵਿਖੇ ਬਿਆਨ ਕੀਤਾ ਹੈ।

Add a Comment

Your email address will not be published. Required fields are marked *