2 ਕਰੋੜ ਦੀ ਬਲੱਡ ਮਨੀ ਦੇ ਕੇ ਵਤਨ ਪਰਤਿਆ ਬਲਵਿੰਦਰ ਸਿੰਘ

ਦੋਦਾ : ਸਾਊਦੀ ਅਰਬ ਦੀ ਜੇਲ੍ਹ ’ਚ ਬੰਦ ਪਿੰਡ ਮੱਲ੍ਹਣ ਦਾ ਨੌਜਵਾਨ ਬਲਵਿੰਦਰ ਸਿੰਘ ਆਖਿਰ ਰਿਹਾਅ ਹੋ ਕੇ ਵਤਨ ਵਾਪਸ ਪਰਤ ਆਇਆ। ਜੇਲ੍ਹ ’ਚ ਬੰਦ ਰਹੇ ਬਲਵਿੰਦਰ ਸਿੰਘ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉੱਥੋਂ ਦੀ ਸਰਕਾਰ ਵੱਲੋਂ ਉਸ ਦਾ ਸਿਰ ਕਲ਼ਮ ਕਰਨ ਜਾਂ 2 ਕਰੋੜ ਰੁਪਏ ਅਦਾ ਕਰਨ ਤੇ 7 ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ ਸੀ। ਇਸ ਵੱਡੀ ਮੁਸੀਬਤ ’ਚੋਂ ਨਿਕਲ ਆਖਿਰ ਬਲਵਿੰਦਰ ਸ਼ੁੱਕਰਵਾਰ ਵਤਨ ਵਾਪਸ ਪਰਤ ਆਇਆ। ਉਸ ਦੀ ਵਤਨ ਵਾਪਸੀ ’ਤੇ ਪਰਿਵਾਰਕ ਮੈਂਬਰਾਂ 2 ਭਰਾਵਾਂ ਤੇ ਇਕ ਭੈਣ ਸਮੇਤ ਇਲਾਕੇ ਭਰ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਵਤਨ ਵਾਪਸ ਪਰਤੇ ਬਲਵਿੰਦਰ ਨੇ ਦੱਸਿਆ ਕਿ ਉਸ ਨੂੰ ਉੱਥੇ ਕਾਫ਼ੀ ਕਸ਼ਟ ਝੱਲਣੇ ਪਏ। ਨਸਲੀ ਭੇਦਭਾਵ ਦਾ ਵੀ ਸ਼ਿਕਾਰ ਹੋਣਾ ਪਿਆ। ਧਰਮ ਤਬਦੀਲ ਕਰਨ ਲਈ ਉਸ ਨੂੰ ਵਾਰ-ਵਾਰ ਉਕਸਾਇਆ ਗਿਆ ਪਰ ਉਸ ਨੇ ਈਨ ਨਹੀਂ ਮੰਨੀ। ਸਾਊਦੀ ਅਰਬ ਸਰਕਾਰ ਵੱਲੋਂ ਉਸ ਦਾ ਸਿਰ ਕਲ਼ਮ ਕਰਨ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਪਰ ਪੰਜਾਬੀਆਂ ਵੱਲੋਂ 2 ਕਰੋੜ ਰੁਪਏ ਦੀ ਰਾਸ਼ੀ ਅਦਾ ਕਰਕੇ ਉਸ ਨੂੰ ਨਵਾਂ ਜੀਵਨਦਾਨ ਦਿੱਤਾ ਗਿਆ, ਜਿਸ ਦਾ ਉਹ ਸਦਾ ਕਰਜ਼ਦਾਰ ਰਹੇਗਾ।

ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਮੱਲ੍ਹਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਸਾਊਦੀ ਅਰਬ ਗਿਆ ਹੋਇਆ ਸੀ, ਉੱਥੇ ਇਕ ਕੰਪਨੀ ’ਚ ਝਗੜਾ ਹੋ ਗਿਆ ਤੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਕੇਸ ’ਚ ਬਲਵਿੰਦਰ ਸਿੰਘ ਨੂੰ 7 ਸਾਲ ਪਹਿਲਾਂ ਸਾਊਦੀ ਅਰਬ ਦਾ 10 ਲੱਖ ਰਿਆਲ ਤੇ ਭਾਰਤ ਦਾ ਲੱਗਭਗ 2 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ ਸੀ। 7 ਸਾਲ ਸਜ਼ਾ ਪੂਰੀ ਹੋਣ ਤੋਂ ਬਾਅਦ ਜੁਰਮਾਨਾ ਨਾ ਅਦਾ ਕਰਨ ’ਤੇ 18 ਮਈ 2022 ਨੂੰ ਸਿਰ ਕਲ਼ਮ ਕੀਤਾ ਜਾਣਾ ਸੀ ਪਰ ਲੋਕਾਂ ਦੀ ਮਦਦ ਨਾਲ 22 ਮਈ 2022 ਨੂੰ 2 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰਕੇ ਸਾਊਦੀ ਅਰਬ ਭੇਜੀ ਗਈ। ਉਸ ਤੋਂ ਬਾਅਦ ਉੱਥੋਂ ਦੀ ਅਦਾਲਤ ਨੇ ਬਲਵਿੰਦਰ ਸਿੰਘ ਦਾ ਸਿਰ ਕਲ਼ਮ ਕਰਨ ਦੀ ਸਜ਼ਾ ਟਾਲ ਦਿੱਤੀ ਸੀ।

ਆਮ ਪਰਿਵਾਰ ਇੰਨੀ ਰਕਮ ਅਦਾ ਕਰਨ ਦੇ ਸਮਰੱਥ ਨਹੀਂ ਸਨ। ਇਸ ਲਈ ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵਸਦੇ ਸਮੂਹ ਦਾਨੀ ਸੱਜਣਾਂ ਨੂੰ ਮਦਦ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਦੁਬਈ ਦੇ ਉੱਘੇ ਹੋਟਲ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਸੰਸਥਾਪਕ ਡਾ. ਐੱਸ.ਪੀ. ਸਿੰਘ ਓਬਰਾਏ ਨੇ ਸਹਿਯੋਗ ਦਿੱਤਾ। ਇਸ ਤੋਂ ਬਾਅਦ ਹੋਰ ਲੋਕਾਂ ਦੀ ਮਦਦ ਨਾਲ ਸਿਰ ਕਲ਼ਮ ਕਰਨ ਦੀ ਤਰੀਕ 18 ਮਈ 2022 ਤੋਂ ਕੁਝ ਦਿਨ ਪਹਿਲਾਂ ਇਹ ਰਕਮ ਸਾਊਦੀ ਅਰਬ ਦੀ ਅਦਾਲਤ ਨੂੰ ਭੇਜ ਦਿੱਤੀ ਗਈ।

ਮ੍ਰਿਤਕ ਦੇ ਪਰਿਵਾਰ ਨੂੰ ਰਾਸ਼ੀ ਦੇਣ ਤੋਂ ਬਾਅਦ ਵੀ ਅਦਾਲਤ ਵੱਲੋਂ ਬਲਵਿੰਦਰ ਸਿੰਘ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਬਹੁਤ ਸਾਰੇ ਪੰਜਾਬੀਆਂ ਵੱਲੋਂ ਕੀਤੇ ਲੰਬੇ ਸੰਘਰਸ਼ ਤੋਂ ਬਾਅਦ ਆਖਿਰਕਾਰ ਸਾਊਦੀ ਅਰਬ ਦੀ ਸਰਕਾਰ ਪਾਸੋਂ ਬਲਵਿੰਦਰ ਸਿੰਘ ਦੀ ਰਿਹਾਈ ਕਰਵਾਈ ਗਈ। ਇਸ ਵੱਡੀ ਘਾਲਣਾ ਤੋਂ ਬਾਅਦ ਬਲਵਿੰਦਰ ਆਪਣੇ ਪਰਿਵਾਰ ’ਚ ਪਹੁੰਚ ਗਿਆ। ਭਾਵੇਂ ਕਿ ਉਸ ਦੇ ਮਾਤਾ-ਪਿਤਾ ਉਸ ਦਾ ਮੁੱਖ ਵੇਖੇ ਬਿਨਾਂ ਹੀ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਪਰ ਬਲਵਿੰਦਰ ਦੇ ਵਤਨ ਵਾਪਸ ਆਉਣ ’ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਪਿੰਡ ਮੱਲ੍ਹਣ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਉਸ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਆਪਣੀ ਦੁੱਖ ਭਰੀ ਦਾਸਤਾਨ ਦੱਸਦਿਆਂ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਨਾ ਜਾਣ ਅਤੇ ਪੰਜਾਬ ’ਚ ਕੰਮ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਵਿਦੇਸ਼ਾਂ ’ਚ ਪੰਜਾਬੀ ਨੌਜਵਾਨਾਂ ਨੂੰ ਬਹੁਤ ਦੁੱਖ ਝੱਲਣੇ ਪੈਂਦੇ ਹਨ। ਉਹ ਖੁਦ ਵੀ ਰੁਜ਼ਗਾਰ ਦੀ ਖਾਤਿਰ ਹੀ ਸਾਊਦੀ ਅਰਬ ਗਿਆ ਸੀ ਪਰ ਉਸ ਦੀ ਜ਼ਿੰਦਗੀ ਦੁੱਖਾਂ ’ਚ ਹੀ ਬੀਤੀ। ਉਸ ਨੇ ਸਰਕਾਰਾਂ ’ਤੇ ਰੋਸ ਜਤਾਇਆ ਕਿ ਜੇਕਰ ਸਰਕਾਰਾਂ ਸਾਡੇ ਨੌਜਵਾਨਾਂ ਨੂੰ ਸਹੀ ਰੁਜ਼ਗਾਰ ਦੇਣ ਤਾਂ ਅਜਿਹੀਆਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ।

Add a Comment

Your email address will not be published. Required fields are marked *