ਜੀ-20 ਲਈ ਦਿੱਲੀ ਪਹੁੰਚੇ ਰਿਸ਼ੀ ਸੁਨਕ ਦਾ ਮਜ਼ਾਕੀਆ ਅੰਦਾਜ਼

ਲੰਡਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ‘ਭਾਰਤ ਦਾ ਜਵਾਈ’ ਦੱਸੇ ਜਾਣ ਦੇ ਸੰਦਰਭ ਦਾ ਜ਼ਿਕਰ ਕਰਦੇ ਹੋਏ ਮਜ਼ਾਕ ਵਿਚ ਕਿਹਾ ਕਿ ਜੀ-20 ਨੇਤਾਵਾਂ ਦੇ ਸੰਮੇਲਨ ਲਈ ਉਨ੍ਹਾਂ ਦਾ ਨਵੀਂ ਦਿੱਲੀ ਦਾ ਦੌਰਾ ‘ਬਹੁਤ ਖ਼ਾਸ’ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਸੁਨਕ ਦਾ ਵਿਆਹ ਅਕਸ਼ਾ ਮੂਰਤੀ ਨਾਲ ਹੋਇਆ ਹੈ। ਨਵੀਂ ਦਿੱਲੀ ਲਈ ਆਪਣੀ ਉਡਾਣ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ 43 ਸਾਲਾ ਸੁਨਕ ਨੇ ਕਿਹਾ ਕਿ ਉਹ ਭਾਰਤ ਦਾ ਦੌਰਾ ਕਰਨ ਲਈ ਉਤਸ਼ਾਹਿਤ ਹਨ, “ਇੱਕ ਅਜਿਹਾ ਦੇਸ਼ ਜੋ ਮੇਰੇ ਲਈ ਬਹੁਤ ਨੇੜੇ ਅਤੇ ਪਿਆਰਾ ਹੈ।”

ਇਸ ਯਾਤਰਾ ‘ਤੇ ਸੁਨਕ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਹੈ। ਸੁਨਕ ਸਿਖਰ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨ ਵਾਲੇ ਹਨ। ਸੁਨਕ ਨੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਐਕਸ ‘ਤੇ ਇਕ ਪੋਸਟ ਵਿਚ ਕਿਹਾ, “ਮੈਂ ਸਪੱਸ਼ਟ ਫੋਕਸ ਨਾਲ ਜੀ-20 ਸੰਮੇਲਨ ਵਿਚ ਜਾ ਰਿਹਾ ਹਾਂ। ਗਲੋਬਲ ਆਰਥਿਕਤਾ ਨੂੰ ਸਥਿਰ ਕਰਨਾ ਹੈ। ਅੰਤਰਰਾਸ਼ਟਰੀ ਸਬੰਧ ਬਣਾਉਣਾ ਹੈ। ਸਭ ਤੋਂ ਕਮਜ਼ੋਰ ਲੋਕਾਂ ਦਾ ਸਮਰਥਨ ਕਰਨਾ ਹੈ।’ ਸੁਨਕ ਨੇ ਆਪਣੇ ਨਾਲ ਯਾਤਰਾ ਕਰ ਰਹੇ ਪੱਤਰਕਾਰਾਂ ਨੂੰ ਕਿਹਾ, “ਇਹ ਬਹੁਤ ਖਾਸ ਹੈ। ਮੈਂ ਕਿਤੇ ਦੇਖਿਆ ਹੈ ਕਿ ਮੈਨੂੰ ਭਾਰਤ ਦੇ ਜਵਾਈ ਦੇ ਰੂਪ ਵਿਚ ਦਰਸਾਇਆ ਗਿਆ ਸੀ, ਮੈਨੂੰ ਉਮੀਦ ਹੈ ਕਿ ਇਹ ਪਿਆਰ ਨਾਲ ਕਿਹਾ ਗਿਆ ਹੋਵੇਗਾ।” ਸੰਮੇਲਨ ਦੌਰਾਨ ਬ੍ਰਿਟੇਨ ਦੇ ਏਜੰਡੇ ਵਿਚ ਰੂਸ-ਯੂਕ੍ਰੇਨ ਸੰਘਰਸ਼ ਨੂੰ ਇਕ ਪ੍ਰਮੁੱਖ ਵਿਸ਼ੇ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫਤਰ ‘ਡਾਉਨਿੰਗ ਸਟ੍ਰੀਟ’ ਨੇ ਕਿਹਾ ਕਿ ਭਾਰਤ ਦੀ ਭੂਮਿਕਾ ਅਤੇ ਪ੍ਰਭਾਵ “ਮਹੱਤਵਪੂਰਨ” ਹੈ।

ਮੋਦੀ-ਸੁਨਕ ਦੁਵੱਲੀ ਗੱਲਬਾਤ ਦੌਰਾਨ ਭਾਰਤ-ਯੂਕੇ ਮੁਕਤ ਵਪਾਰ ਸਮਝੌਤਾ (ਐੱਫ.ਟੀ.ਏ.) ਵਾਰਤਾ ‘ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਹੁਣ ਤੱਕ 12 ਦੌਰ ਦੀ ਵਾਰਤਾ ਪੂਰੀ ਹੋ ਚੁੱਕੀ ਹੈ ਪਰ ਇਸ ਦੇ ਸਿੱਟੇ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਹੈ। ਡਾਊਨਿੰਗ ਸਟ੍ਰੀਟ ਨੇ ਸੰਕੇਤ ਦਿੱਤਾ ਹੈ ਕਿ ਸਮਝੌਤੇ ਦੇ ਤਹਿਤ ਬ੍ਰਿਟੇਨ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ, ਹਾਲਾਂਕਿ ਵਪਾਰਕ ਗੱਲਬਾਤ ਦੇ ਹਿੱਸੇ ਵਜੋਂ ਥੋੜ੍ਹੇ ਸਮੇਂ ਦੇ ਵਪਾਰਕ ਵੀਜ਼ਿਆਂ ‘ਤੇ ਚਰਚਾ ਕੀਤੀ ਜਾਵੇਗੀ। ਮੋਦੀ ਅਤੇ ਸੁਨਕ ਦੀ ਆਖਰੀ ਮੁਲਾਕਾਤ ਮਈ ਵਿੱਚ ਜਾਪਾਨ ਦੇ ਹੀਰੋਸ਼ੀਮਾ ਵਿੱਚ ਜੀ 7 ਸਿਖਰ ਸੰਮੇਲਨ ਦੇ ਦੌਰਾਨ ਹੋਈ ਸੀ। 

Add a Comment

Your email address will not be published. Required fields are marked *