22 ਹਜ਼ਾਰ ਟੈਕਸਦਾਤਾਵਾਂ ਨੂੰ ਆਮਦਨ ਕਰ ਵਿਭਾਗ ਦਾ ਨੋਟਿਸ

ਜਲੰਧਰ  – ਆਮਦਨ ਕਰ ਵਿਭਾਗ ਪਿਛਲੇ 15 ਦਿਨਾਂ ’ਚ 22 ਹਜ਼ਾਰ ਟੈਕਸਦਾਤਾਵਾਂ ਨੂੰ ਸੂਚਨਾ ਨੋਟਿਸ ਜਾਰੀ ਕਰ ਚੁੱਕਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਲੋਂ ਆਮਦਨ ਕਰ ਰਿਟਰਨ ਵਿਚ ਦਿੱਤੀਆਂ ਗਈਆਂ ਜਾਣਕਾਰੀ ਦੇ ਆਮਦਨ ਕਰ ਵਿਭਾਗ ਦੇ ਡਾਟਾ ਨਾਲ ਮੇਲ ਨਾ ਖਾਣ ਕਾਰਨ ਇਹ ਨੋਟਿਸ ਦਿੱਤੇ ਗਏ ਹਨ।

ਆਮਦਨ ਕਰ ਵਿਭਾਗ ਦੇ ਅੰਕੜਿਆਂ ਮੁਤਾਬਕ 2 ਲੱਖ ਟੈਕਸਦਾਤਾਵਾਂ ਵਲੋਂ ਆਮਦਨ ਕਰ ਰਿਟਰਨ ਵਿਚ ਖਾਮੀਆਂ ਪਾਈਆਂ ਗਈਆਂ ਹਨ। ਇਨ੍ਹਾਂ ਵਲੋਂ ਆਈ. ਟੀ. ਆਰ, ਵਿਚ ਦਿੱਤੀ ਗਈ ਆਮਦਨ ਜਾਂ ਖਰਚੇ ਜਾਂ ਫਿਰ ਬੈਂਕ ਅਕਾਊਂਟ ਡਿਟੇਲ ਵਿਭਾਗ ਵਲੋਂ ਜੁਟਾਏ ਅੰਕੜਿਆਂ ਨਾਲ ਮੇਲ ਨਹੀਂ ਖਾ ਰਹੇ ਹਨ। ਆਮਦਨ ਕਰ ਵਿਭਾਗ ਨੇ ਇਹ ਅੰਕੜੇ ਇਨ੍ਹਾਂ ਟੈਕਸਦਾਤਾਵਾਂ ਨਾਲ ਲਿੰਕਡ ਬੈਂਕ ਅਤੇ ਯੂ. ਪੀ. ਆਈ. ਟ੍ਰਾਂਜੈਕਸ਼ਨ ਦੇ ਆਧਾਰ ’ਤੇ ਜੁਟਾਏ ਹਨ।

ਜਿਨ੍ਹਾਂ ਨੂੰ ਨੋਟਿਸ ਦਿੱਤੇ ਗਏ ਹਨ, ਉਨ੍ਹਾਂ ਵਿਚ ਤਨਖਾਹ ਲੈਣ ਵਾਲੇ ਕਰਮਚਾਰੀਆਂ, ਹਾਈ ਨੈੱਟਵਰਥ ਇੰਡੀਵਿਜ਼ੁਅਲ, ਹਿੰਦੂ ਅਨਡਿਵਾਈਡਡ ਫੈਮਿਲੀ (ਐੱਚ. ਯੂ. ਐੱਫ.) ਅਤੇ ਟਰੱਸਟ ਸ਼ਾਮਲ ਹਨ।

ਸਾਰੇ ਸੂਚਨਾ ਨੋਟਿਸ ਅਸੈੱਸਮੈਂਟ ਯੀਅਰ 2023-24 ਲਈ ਭਰੇ ਗਏ ਆਈ. ਟੀ. ਆਰ. ਲਈ ਭੇਜੇ ਗਏ ਹਨ। ਇਨ੍ਹਾਂ ਸਾਰਿਆਂ ਵਲੋਂ ਆਮਦਨ ਕਰ ਰਿਟਰਨ ਵਿਚ ਕੀਤੀ ਗਈ ਟੈਕਸ ਕਟੌਤੀ ਦਾ ਦਾਅਵਾ ਫਾਰਮ 16 ਜਾਂ ਸਾਲਾਨਾ ਇਨਫਾਰਮੇਸ਼ਨ ਸਟੇਟਮੈਂਟ ਜਾਂ ਫਿਰ ਆਮਦਨ ਕਰ ਵਿਭਾਗ ਦੇ ਅੰਕੜਿਆਂ ਨਾਲ ਮੇਲ ਨਹੀਂ ਖਾ ਰਿਹਾ ਹੈ।

ਆਮਦਨ ਕਰ ਵਿਭਾਗ ਦਾ ਕਹਿਣਾ ਹੈ ਕਿ ਜੇ ਟੈਕਸਦਾਤਾ ਇਸ ਸੂਚਨਾ ਨੋਟਿਸ ਦਾ ਕੋਈ ਜਵਾਬ ਨਹੀਂ ਦਿੰਦੇ ਹਨ ਜਾਂ ਕੋਈ ਸਪੱਸ਼ਟੀਕਰਨ ਦੇਣ ’ਚ ਅਸਮਰੱਥ ਹਨ ਤਾਂ ਫਿਰ ਉਨ੍ਹਾਂ ਨੂੰ ਆਮਦਨ ਕਰ ਵਿਭਾਗ ਡਿਮਾਂਡ ਨੋਟਿਸ ਭੇਜੇਗਾ। ਆਮਦਨ ਕਰ ਵਿਭਾਗ ਨੇ ਕਿਹਾ ਕਿ ਜੇ ਕਿਸੇ ਟੈਕਸਦਾਤਾ ’ਤੇ ਟੈਕਸ ਦੇਣਦਾਰੀ ਬਣ ਰਹੀ ਹੈ ਤਾਂ ਉਹ ਵਿਆਜ ਨਾਲ ਬਕਾਇਆ ਟੈਕਸ ਭੁਗਤਾਨ ਕਰ ਸਕਦਾ ਹੈ ਅਤੇ ਅਪਡੇਟ ਰਿਟਰਨ ਦਾਖਲ ਕਰ ਸਕਦਾ ਹੈ।

ਇਕ ਮੀਡੀਆ ਰਿਪੋਰਟ ਮੁਤਾਬਕ ਆਮਦਨ ਕਰ ਵਿਭਾਗ ਨੇ 12 ਹਜ਼ਾਰ ਤਨਖਾਹ ਲੈਣ ਵਾਲੇ ਟੈਕਸਦਾਤਾਵਾਂ ਨੂੰ ਵੀ ਸੂਚਨਾ ਨੋਟਿਸ ਭੇਜੇ ਹਨ। ਅਜਿਹੇ ਤਨਖਾਹ ਲੈਣ ਵਾਲੇ ਟੈਕਸਦਾਤਾਵਾਂ ਨੂੰ ਸੂਚਨਾ ਨੋਟਿਸ ਭੇਜੇ ਗਏ ਹਨ, ਜਿਨ੍ਹਾਂ ਵਲੋਂ ਦਾਅਵਾ ਕੀਤੀ ਗਈ ਆਮਦਨ ਕਰ ਕਟੌਤੀ ਅਤੇ ਵਿਭਾਗ ਦੇ ਡਾਟਾ ਦਰਮਿਆਨ ਫਰਕ 50 ਹਜ਼ਾਰ ਰੁਪਏ ਤੋਂ ਵੱਧ ਸੀ।

ਇਸ ਤੋਂ ਇਲਾਵਾ ਆਮਦਨ ਕਰ ਵਿਭਾਗ ਨੇ 8 ਹਜ਼ਾਰ ਐੱਚ. ਯੂ. ਐੱਫ. ਟੈਕਸਦਾਤਾਵਾਂ ਨੂੰ ਨੋਟਿਸ ਭੇਜੇ ਹਨ। ਇਨ੍ਹਾਂ ਵਲੋਂ ਕੀਤੀ ਗਈ ਇਨਕਮ ਟੈਕਸ ਫਾਈਲ ਅਤੇ ਆਮਦਨ ਕਰ ਵਿਭਾਗ ਦੇ ਅੰਕੜਿਆਂ ਦਰਮਿਆਨ 50 ਲੱਖ ਰੁਪਏ ਤੋਂ ਵੱਧ ਦਾ ਫਰਕ ਹੈ। ਆਮਦਨ ਕਰ ਵਿਭਾਗ ਨੇ 900 ਹਾਈ ਨੈੱਟਵਰਥ ਇੰਡੀਵਿਜ਼ੁਅਲ ਨੂੰ ਵੀ ਨੋਟਿਸ ਦਿੱਤਾ ਹੈ। ਇਨ੍ਹਾਂ ਵਲੋਂ ਆਪਣੀ ਇਨਕਮ ਟੈਕਸ ਰਿਟਰਨ ਵਿਚ ਦੱਸੀ ਗਈ ਆਮਦਨ ਅਤੇ ਵਿਭਾਗ ਵਲੋਂ ਨੋਟਿਸ ਕੀਤੀ ਗਈ ਆਮਦਨ ਵਿਚ 5 ਕਰੋੜ ਰੁਪਏ ਤੋਂ ਵੱਧ ਦਾ ਫਰਕ ਹੈ। ਉੱਥੇ ਹੀ 1200 ਟਰੱਸਟ ਅਤੇ ਸਾਂਝੇਦਾਰੀ ਫਰਮ ਵਲੋਂ ਆਮਦਨ ਕਰ ਵਿਭਾਗ ਦੇ ਡਾਟਾ ਦਰਮਿਆਨ 10 ਕਰੋੜ ਰੁਪਏ ਤੋਂ ਵੱਧ ਦਾ ਫਰਕ ਹੈ, ਇਨ੍ਹਾਂ ਨੂੰ ਵੀ ਸੂਚਨਾ ਨੋਟਿਸ ਦਿੱਤੇ ਗਏ ਹਨ।

Add a Comment

Your email address will not be published. Required fields are marked *