ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕ ਭਾਰੀ ਪਰੇਸ਼ਾਨੀ ‘ਚ ਫਸੇ

ਲੁਧਿਆਣਾ : ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਨਾਲ ਜੁੜੇ ਪਰਿਵਾਰਾਂ ‘ਚ ਰਾਸ਼ਨ ਡਿਪੂਆਂ ’ਤੇ ਵੰਡੀ ਜਾ ਰਹੀ ਕਣਕ ਮਾਮਲੇ ਨੂੰ ਲੈ ਕੇ ਬਾਇਓਮੈਟ੍ਰਿਕ ਮਸ਼ੀਨਾਂ ’ਚ ਆਈ ਤਕਨੀਕੀ ਖ਼ਰਾਬੀ ਕਾਰਨ ਕਣਕ ਦਾ ਕੰਮ ਹਾਲ ਦੀ ਘੜੀ ਅੱਧ-ਵਿਚਾਲੇ ਲਟਕ ਗਿਆ ਹੈ। ਇਸ ਕਾਰਨ ਯੋਜਨਾ ਨਾਲ ਜੁੜੇ ਪੰਜਾਬ ਭਰ ਦੇ ਲੱਖਾਂ ਪਰਿਵਾਰਾਂ ਅਤੇ ਡਿਪੂ ਹੋਲਡਰਾਂ ਨੂੰ ਭਾਰੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।

ਜਾਣਕਾਰੀ ਦਿੰਦੇ ਹੋਏ ਮਹਾਨਗਰ ਦੇ ਰਾਸ਼ਨ ਡਿਪੂ ਹੋਲਡਰਾਂ ਅਵਤਾਰ ਸਿੰਘ, ਨਿਰਭੈ ਸਿੰਘ, ਸੁਖਬੀਰ ਸਿੰਘ, ਤਜਿੰਦਰ ਪਾਲ ਸਿੰਘ, ਬਲਜੀਤ ਸਿੰਘ ਆਦਿ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਜ਼ਿਆਦਾਤਰ ਰਾਸ਼ਨ ਡਿਪੂ ਹੋਲਡਰਾਂ ਕੋਲ ਕਣਕ ਦਾ ਵੱਡਾ ਕੋਟਾ ਬਕਾਇਆ ਪਿਆ ਹੋਇਆ ਹੈ, ਜੋ ਬਾਇਓਮੈਟ੍ਰਿਕ ਮਸ਼ੀਨਾਂ ਖ਼ਰਾਬ ਹੋਣ ਕਾਰਨ ਪਿਛਲੇ ਕਰੀਬ ਇਕ ਹਫ਼ਤੇ ਤੋਂ ਲਾਭਪਾਤਰ ਪਰਿਵਾਰਾਂ ’ਚ ਕਣਕ ਵੰਡਣ ਨੂੰ ਲੈ ਕੇ ਡਿਪੂ ਹੋਲਡਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਡਿਪੂ ਹੋਲਡਰਾਂ ਵੱਲੋਂ ਸਮੇਂ-ਸਮੇਂ ’ਤੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਆਲਾ ਅਧਿਕਾਰੀਆਂ ਦੇ ਮੁਲਾਜ਼ਮਾਂ ਨੂੰ ਆਪਣੀਆਂ ਸਮੱਸਿਆਵਾਂ ਸਬੰਧੀ ਜਾਣੂੰ ਕਰਵਾਇਆ ਗਿਆ ਹੈ। ਬਾਵਜੂਦ ਇਸ ਦੇ ਬਾਇਓਮੈਟ੍ਰਿਕ ਮਸ਼ੀਨਾਂ ’ਚ ਆਈ ਤਕਨੀਕੀ ਖ਼ਰਾਬੀ ਦਾ ਹਾਲ ਦੀ ਘੜੀ ਕੋਈ ਹੱਲ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਲੋਕ ਰਾਸ਼ਨ ਡਿਪੂਆਂ ’ਤੇ ਗੇੜੇ ਕੱਢ ਰਹੇ ਹਨ, ਜਦੋਂਕਿ ਡਿਪੂ ਹੋਲਡਰ ਮਸ਼ੀਨਾਂ ਨਾ ਚੱਲਣ ਕਾਰਨ ਆਪਣੀ ਬੇਵੱਸੀ ਦੱਸ ਕੇ ਕਾਰਡਧਾਰੀਆਂ ਨੂੰ ਕਣਕ ਦਾ ਲਾਭ ਦੇਣ ’ਚ ਅਸਮਰੱਥਤਾ ਜਤਾ ਰਹੇ ਹਨ।

ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕੰਟਰੋਲਰ ਸੰਜੇ ਸ਼ਰਮਾ ਨੇ ਕਿਹਾ ਕਿ ਤਕਨੀਕੀ ਖ਼ਰਾਬੀ ਆਉਣ ਕਾਰਨ ਬਾਇਓਮੈਟ੍ਰਿਕ ਮਸ਼ੀਨਾਂ ਹਾਲ ਦੀ ਘੜੀ ਕੰਮ ਨਹੀਂ ਕਰ ਰਹੀਆਂ ਪਰ ਜਲਦ ਹੀ ਤਕਨੀਕੀ ਸਮੱਸਿਆ ਦਾ ਹੱਲ ਕਰ ਕੇ ਯੋਜਨਾ ਨਾਲ ਜੁੜੇ ਲਾਭਪਾਤਰ ਪਰਿਵਾਰਾਂ ਨੂੰ ਕਣਕ ਦਾ ਇਕ-ਇਕ ਦਾਣਾ ਪਹੁੰਚਾ ਦਿੱਤਾ ਜਾਵੇਗਾ।

Add a Comment

Your email address will not be published. Required fields are marked *