‘ਬ੍ਰਹਮਾਸਤਰ ਪਾਰਟ ਵਨ: ਸ਼ਿਵਾ’ ਨੇ ਪਹਿਲੇ ਦਿਨ 75 ਕਰੋੜ ਰੁਪਏ ਕਮਾਏ

ਮੁੰਬਈ:‘ਬ੍ਰਹਮਾਸਤਰ ਪਾਰਟ ਵਨ: ਸ਼ਿਵਾ’ ਨੇ ਵਿਸ਼ਵ ਪੱਧਰ ’ਤੇ ਪਹਿਲੇ ਦਿਨ 75 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਅੱਜ ਇਹ ਜਾਣਕਾਰੀ ਇੱਥੇ ਸਾਂਝੀ ਕੀਤੀ ਗਈ ਹੈ। ਇਸ ਫ਼ਿਲਮ ਵਿਚ ਰਣਬੀਰ ਕਪੂਰ, ਆਲੀਆ ਭੱਟ ਤੇ ਅਮਿਤਾਭ ਬੱਚਨ ਅਹਿਮ ਭੂਮਿਕਾਵਾਂ ਵਿਚ ਹਨ। ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਬਾਰੇ ਗੱਲ ਕਰਦਿਆਂ ਨਿਰਮਾਤਾਵਾਂ ਸਟਾਰ ਸਟੂਡੀਓਜ਼ ਤੇ ਧਰਮਾ ਪ੍ਰੋਡਕਸ਼ਨਜ਼ ਦਾ ਕਹਿਣਾ ਹੈ, ‘ਬ੍ਰਹਮਾਸਤਰ ਪਾਰਟ ਵਨ: ਸ਼ਿਵਾ’ ਨੇ ਪਹਿਲੇ ਦਿਨ 75 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦੀ ਸਫ਼ਲਤਾ ਨੇ ਸਿਨੇ ਜਗਤ, ਥੀਏਟਰ ਮਾਲਕਾਂ ਤੇ ਦਰਸ਼ਕਾਂ ਵਿੱਚ ਨਵਾਂ ਉਤਸ਼ਾਹ ਭਰਿਆ ਹੈ। ਉਮੀਦ ਹੈ ਕਿ ਹਫ਼ਤੇ ਦੇ ਅੰਤ ਤੱਕ ਫਿਲਮ ਚੰਗੀ ਕਮਾਈ ਕਰੇਗੀ। ਹਾਲਾਂਕਿ ਫਿਲਮ ਦੀ ਕਹਾਣੀ ਅਤੇ ਵਾਰਤਾਲਾਪ ਲਈ ਫਿਲਮ ਆਲੋਚਕਾਂ ਦੀ ਰਾਏ ਕਾਫ਼ੀ ਰਲਵੀਂ-ਮਿਲਵੀਂ ਰਹੀ ਹੈ, ਪਰ ਬਹੁਤਿਆਂ ਵੱਲੋਂ ਹਿੰਦੂ ਮਿਥਿਹਾਸ ਨੂੰ ਇਸ ਵੱਡੇ ਪੱਧਰ ’ਤੇ ਪੇਸ਼ ਕਰਨ ਲਈ ਨਿਰਦੇਸ਼ਕ ਅਯਾਨ ਮੁਖਰਜੀ ਦੀ ਤਾਰੀਫ਼ ਕੀਤੀ ਗਈ ਹੈ। ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਦੇ ਅੰਕੜੇ ਸਾਂਝੇ ਕਰਦਿਆਂ ਅਯਾਨ ਮੁਖਰਜੀ ਨੇ ਕਿਹਾ, ‘ਆਭਾਰ, ਉਤਸੁਕਤਾ ਤੇ ਉਮੀਦ… ਸਿਨੇਮਾ ਹਾਲ ’ਚ ਜਾ ਕੇ ਫਿਲਮ ਵੇਖਣ ਵਾਲੇ ਹਰ ਸ਼ਖ਼ਸ ਦਾ ਦਿਲੋਂ ਧੰਨਵਾਦ। ਫਿਲਮਾਂ ਦੇਖਣ ਦੇ ਇਸ ਸਭਿਆਚਾਰ ਨੂੰ ਇੰਜ ਹੀ ਜਿਊਂਦਾ ਰੱਖਿਓ…ਆਉਣ ਵਾਲੇ ਦਿਨਾਂ ਲਈ ਖੁਸ਼ ਹਾਂ..!’ ਕਰਨ ਜੌਹਰ ਨੇ ਫਿਲਮ ਦੀ ਸਫ਼ਲਤਾ ’ਤੇ ਖੁਸ਼ੀ ਜ਼ਾਹਰ ਕਰਦਿਆਂ ਇੱਕ ਸੰਖੇਪ ਧੰਨਵਾਦੀ ਸੰਦੇਸ਼ ਸਾਂਝਾ ਕੀਤਾ ਹੈ। ਜ਼ਿਕਰਯੋਗ ਹੈ ਕਿ ਨਿਰਦੇਸ਼ਕ ਐੱਸਐੱਸ ਰਾਜਾਮੌਲੀ ਵੱਲੋਂ ਇਸ ਫਿਲਮ ਨੂੰ ਤਾਮਿਲ, ਤੇਲਗੂ, ਕੰਨੜ ਤੇ ਮੱਲਿਆਲਮ ਭਾਸ਼ਾਵਾਂ ਵਿੱਚ ਪੇਸ਼ ਕੀਤਾ ਗਿਆ ਹੈ।

Add a Comment

Your email address will not be published. Required fields are marked *