ਆਸਟ੍ਰੇਲੀਆ : ਮੋਟਰਸਾਈਕਲ ਹਾਦਸੇ ‘ਚ ਨੌਜਵਾਨ ਮੁੰਡੇ-ਕੁੜੀ ਦੀ ਮੌਤ
ਮੈਲਬੌਰਨ : ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਵਿੱਚ ਇੱਕ ਮੋਟਰਸਾਈਕਲ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਵਿਕਟੋਰੀਆ ਪੁਲਸ ਨੇ ਬੀਤੀ ਸ਼ਾਮ ਇਸ ਹਾਦਸੇ ਦੀ ਪੁਸ਼ਟੀ ਕੀਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਮੈਲਬੌਰਨ ਦੇ ਕੇਂਦਰੀ ਵਪਾਰਕ ਜ਼ਿਲ੍ਹੇ ਤੋਂ ਲਗਭਗ 35 ਕਿਲੋਮੀਟਰ ਪੱਛਮ ਵਿੱਚ – ਗ੍ਰੇਂਜਫੀਲਡਜ਼ ਵਿੱਚ ਬੀਟੀਸ ਰੋਡ ‘ਤੇ ਇੱਕ ਟੱਕਰ ਹੋਈ, ਜਿਸ ਵਿੱਚ ਘੱਟੋ-ਘੱਟ ਦੋ ਆਫ-ਰੋਡ ਮੋਟਰਸਾਈਕਲ ਅਤੇ ਸੰਭਾਵਤ ਤੌਰ ‘ਤੇ ਇੱਕ ਕੁਆਡ ਬਾਈਕ ਸ਼ਾਮਲ ਸੀ।
ਇਸ ਹਾਦਸੇ ਵਿਚ ਇਕ 18 ਸਾਲਾ ਜ਼ੇਨਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ 17 ਸਾਲਾ ਅਲੀ ਨੇ ਬਾਅਦ ਵਿਚ ਹਸਪਤਾਲ ਵਿਚ ਦਮ ਤੋੜ ਦਿੱਤਾ। ਇਸ ਤੋਂ ਇਲਾਵਾ 6 ਅਤੇ 11 ਸਾਲ ਦੇ ਦੋ ਨਾਬਾਲਗ ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਦਕਿ ਇੱਕ 43 ਸਾਲਾ ਵਿਅਕਤੀ ਨੂੰ ਗੈਰ-ਜਾਨਲੇਵਾ ਸੱਟਾਂ ਲੱਗੀਆਂ। ਪੁਲਸ ਮੁਤਾਬਕ ਟੱਕਰ ਦੀ ਆਵਾਜ਼ ਸੁਣ ਕੇ 18 ਸਾਲਾ ਕੁੜੀ ਦਾ ਪਿਤਾ ਕਵਾਡ ਬਾਈਕ ‘ਤੇ ਸਵਾਰ ਹੋ ਕੇ ਮੌਕੇ ‘ਤੇ ਪਹੁੰਚ ਗਿਆ ਅਤੇ ਇਸ ਦੌਰਾਨ ਉਹ ਗੱਡੀ ਤੋਂ ਕੰਟਰੋਲ ਗੁਆ ਬੈਠਾ। ਹਾਲਾਂਕਿ ਅਜੇ ਤੱਕ ਹਾਦਸੇ ਦੇ ਸਹੀ ਹਾਲਾਤ ਦਾ ਪਤਾ ਨਹੀਂ ਲੱਗ ਸਕਿਆ ਹੈ। ਵਿਕਟੋਰੀਆ ਪੁਲਸ ਦੇ ਡਿਟੈਕਟਿਵ ਪਾਲ ਲਾਈਨਹੈਮ ਨੇ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਪਾਰਟੀ ਵਿਚ 50 ਦੇ ਕਰੀਬ ਲੋਕ ਇਕੱਠੇ ਹੋਏ ਸਨ ਅਤੇ ਉਨ੍ਹਾਂ ਨੇ ਇਸ ਹਾਦਸੇ ਨੂੰ ਦੇਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।

