ਪ੍ਰਸ਼ੰਸਕ ਵੱਲੋਂ ਜਬਰੀ ਸੈਲਫੀ ਲੈਣ ’ਤੇ ਖਿੱਝਿਆ ਰਿਤਿਕ ਰੌਸ਼ਨ
ਮੁੰਬਈ:ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੂੰ ਉਦੋਂ ਗੁੱਸਾ ਆ ਗਿਆ ਜਦੋਂ ਉਸ ਦੇ ਇੱਕ ਪ੍ਰਸ਼ੰਸਕ ਨੇ ਉਸ ਨਾਲ ਜਬਰੀ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਅਦਾਕਾਰ ਉਦੋਂ ਆਪਣੇ ਬੱਚਿਆਂ ਰੇਹਾਨ ਰੌਸ਼ਨ ਅਤੇ ਰਿਧਾਨ ਰੌਸ਼ਨ ਨਾਲ ਬਾਹਰ ਜਾ ਰਿਹਾ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਰਿਤਿਕ ਰੌਸ਼ਨ ਆਪਣੇ ਪੁੱਤਰਾਂ ਨਾਲ ਇੱਕ ਥੀਏਟਰ ਵਿਚੋਂ ਬਾਹਰ ਨਿਕਲਿਆ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਅਦਾਕਾਰ ਆਪਣੇ ਪ੍ਰਸ਼ੰਸਕ ਦੇ ਵਿਹਾਰ ਤੋਂ ਖਫ਼ਾ ਨਜ਼ਰ ਆ ਰਿਹਾ ਹੈ। ਵੀਡੀਓ ਅਨੁਸਾਰ ਰਿਤਿਕ ਰੌਸ਼ਨ ਨੇ ਮੂੰਹ ’ਤੇ ਮਾਸਕ ਪਾਇਆ ਹੋਇਆ ਸੀ ਅਤੇ ਉਹ ਇਕ ਕਾਲੇ ਰੰਗ ਦੀ ਕਾਰ ਦੇ ਮੂਹਰੇ ਖੜ੍ਹਾ ਸੀ ਤਾਂ ਕਿ ਉਸ ਦੇ ਬੱਚੇ ਸਹੀ ਸਲਾਮਤ ਕਾਰ ਵਿਚ ਚੜ੍ਹ ਜਾਣ। ਇਸ ਦੌਰਾਨ ਇਕ ਨੌਜਵਾਨ ਸੁਰੱਖਿਆ ਘੇਰਾ ਤੋੜਦਾ ਹੋਇਆ ਉਸ ਦੇ ਨੇੜੇ ਆ ਗਿਆ ਅਤੇ ਉਹ ਅਦਾਕਾਰ ਨਾਲ ਜਬਰੀ ਸੈਲਫੀਆਂ ਲੈਣ ਲੱਗ ਪਿਆ, ਜਿਸ ਤੋਂ ਰਿਤਿਕ ਖਫ਼ਾ ਹੋ ਗਿਆ। ਨੌਜਵਾਨ ਦੇ ਨੇੜੇ ਆਉਣ ’ਤੇ ਰਿਤਿਕ ਭੜਕ ਗਿਆ ਅਤੇ ਕਹਿਣ ਲੱਗਾ,‘‘ਕੀ ਕਰ ਰਿਹਾ ਹੈਂ ਤੂੰ..!’’ ਜਾਣਕਾਰੀ ਅਨੁਸਾਰ ਰਿਤਿਕ ਰੌਸ਼ਨ ਦੀ ਫ਼ਿਲਮ ‘ਵਿਕਰਮ ਵੇਧਾ’ ਰਿਲੀਜ਼ ਹੋਣ ਵਾਲੀ ਹੈ, ਜਿਸ ਵਿੱਚ ਸੈਫ ਅਲੀ ਖਾਨ ਵੀ ਨਜ਼ਰ ਆਵੇਗਾ। ਇਸ ਤੋਂ ਇਲਾਵਾ ਉਹ ਫ਼ਿਲਮ ‘ਫਾਈਟਰ’ ਵਿਚ ਦੀਪਿਕਾ ਪਾਦੂਕੋਨ ਨਾਲ ਨਜ਼ਰ ਆਵੇਗਾ।

