ਨੀਰਜ ਚੋਪੜਾ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2023 ’ਚ ਜਿੱਤਿਆ ‘ਗੋਲਡ’
![](http://mehakewattan.com/wp-content/uploads/2023/08/2023_8image_01_02_576979337ssafffsfffssffsssafssss-ll.jpg)
ਬੁਡਾਪੇਸਟ –ਨੀਰਜ ਚੋਪੜਾ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਤੇ ਇਹ ਉਪਲੱਬਧੀ ਹਾਸਲ ਕਰਨ ਵਾਲਾ ਉਹ ਪਹਿਲਾ ਭਾਰਤੀ ਐਥਲੀਟ ਬਣ ਗਿਆ ਹੈ। ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਨੇ ਆਪਣੀ ਦੂਜੀ ਕੋਸ਼ਿਸ਼ ’ਚ 88.17 ਮੀਟਰ ਦੀ ਸਰਵਸ੍ਰੇਸ਼ਠ ਥ੍ਰੋਅ ਕਰਕੇ ਚੋਟੀ ਦਾ ਸਥਾਨ ਹਾਸਲ ਕੀਤਾ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 87.82 ਮੀਟਰ ਦੀ ਸਰਵਸ੍ਰੇਸ਼ਠ ਥ੍ਰੋਅ ਦੇ ਨਾਲ ਚਾਂਦੀ ਤੇ ਚੈੱਕ ਗਣਰਾਜ ਦੇ ਯਾਕੂਬ ਵਾਲੇਸ਼ ਨੇ ਕਾਂਸੀ ਤਮਗਾ ਜਿੱਤਿਆ।
ਭਾਰਤ ਦਾ ਕਿਸ਼ੋਰ ਜੇਨਾ 5ਵੇਂ ਸਥਾਨ ’ਤੇ ਰਿਹਾ, ਜਿਸ ਨੇ ਆਪਣਾ ਵਿਅਕਤੀਗਤ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 84.77 ਮੀਟਰ ਦੀ ਸਰਵਸ੍ਰੇਸ਼ਠ ਥ੍ਰੋਅ ਕੀਤੀ। ਉੱਥੇ ਹੀ ਡੀ. ਪੀ. ਮਨੂ ਛੇਵੇਂ ਸਥਾਨ ’ਤੇ ਰਿਹਾ, ਜਿਸ ਦੀ ਸਰਵਸ੍ਰੇਸ਼ਠ ਥ੍ਰੋਅ 84.14 ਮੀਟਰ ਦੀ ਸੀ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ’ਚ ਖੇਡ ਰਹੇ ਜੇਨਾ ਦਾ ਵੀਜ਼ਾ ਪਹਿਲਾਂ ਦਿੱਲੀ ’ਚ ਹੰਗਰੀ ਦੀ ਅੰਬੈਸੀ ਨੇ ਰੱਦ ਕਰ ਦਿੱਤਾ ਸੀ ਪਰ ਅਗਲੇ ਦਿਨ ਉਸ ਨੂੰ ਵੀਜ਼ਾ ਮਿਲ ਗਿਆ ਸੀ । ਇਹ ਪਹਿਲੀ ਵਾਰ ਸੀ ਜਦੋਂ ਵਿਸ਼ਵ ਚੈਂਪੀਅਨਸ਼ਿਪ ’ਚ ਤਿੰਨ ਭਾਰਤੀਆਂ ਨੇ ਇਕੱਠੇ ਕਿਸੇ ਪ੍ਰਤੀਯੋਗਿਤਾ ਦੇ ਫਾਈਨਲ ’ਚ ਜਗ੍ਹਾ ਬਣਾਈ ਸੀ।
ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਇਤਿਹਾਸ ’ਚ ਭਾਰਤ ਦਾ ਇਹ ਪਹਿਲਾ ਸੋਨ ਤਮਗਾ ਤੇ ਓਵਰਆਲ ਤੀਜਾ ਤਮਗਾ ਹੈ। ਪਿਛਲੇ ਸੈਸ਼ਨ ’ਚ ਨੀਰਜ ਨੇ ਚਾਂਦੀ ਤੇ ਮਹਿਲਾ ਲੌਂਗ ਜੰਪਰ ਅੰਜੂ ਬਾਬੀ ਜਾਰਜ ਨੇ 2003 ’ਚ ਕਾਂਸੀ ਤਮਗਾ ਜਿੱਤਿਆ ਸੀ। ਭਾਰਤ ਨੇ ਪਹਿਲੀ ਵਾਰ 1983 ’ਚ ਵਿਸ਼ਵ ਚੈਂਪੀਅਨਸ਼ਿਪ ’ਚ ਹਿੱਸਾ ਲਿਆ ਸੀ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)
ਨੀਰਜ ਚੋਪੜਾ ਇਕ ਹੀ ਸਮੇਂ ’ਚ ਓਲੰਪਿਕ ਤੇ ਵਿਸ਼ਵ ਖਿਤਾਬ ਜਿੱਤਣ ਵਾਲਾ ਤੀਜਾ ਜੈਵਲਿਨ ਥ੍ਰੋਅਰ ਬਣ ਗਿਆ ਹੈ। ਉਸ ਤੋਂ ਪਹਿਲਾਂ ਚੈੱਕ ਗਣਰਾਜ ਦੇ ਜਾਨ ਜੇਲੇਜਨੀ ਨੇ 1992, 1996 ਤੇ 2000 ’ਚ ਓਲੰਪਿਕ ਖਿਤਾਬ ਜਿੱਤੇ ਸਨ, ਜਦਕਿ 1993, 1995 ਤੇ 2001 ਵਿਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਸੀ।
ਨਿਸ਼ਾਨੇਬਾਜ਼ ਅਭਿਨਵ ਬਿੰਦ੍ਰਾ ਤੋਂ ਬਾਅਦ ਇਕ ਹੀ ਸਮੇਂ ’ਚ ਓਲੰਪਿਕ ਤੇ ਵਿਸ਼ਵ ਚੈਂਪੀਅਨ ਖਿਤਾਬ ਜਿੱਤਣ ਵਾਲਾ ਨੀਰਜ ਚੋਪੜਾ ਦੂਜਾ ਭਾਰਤੀ ਬਣ ਗਿਆ ਹੈ। ਬਿੰਦ੍ਰਾ ਨੇ 23 ਸਾਲ ਦੀ ਉਮਰ ’ਚ ਵਿਸ਼ਵ ਚੈਂਪੀਅਨਸ਼ਿਪ ਤੇ 25 ਸਾਲ ਦੀ ਉਮਰ ’ਚ ਓਲੰਪਿਕ ਸੋਨ ਤਮਗਾ ਜਿੱਤਿਆ ਸੀ।