ਪ੍ਰਸਿੱਧ ਗੀਤਕਾਰ ਦੇਵ ਕੋਹਲੀ ਨੇ ਦੁਨੀਆ ਨੂੰ ਕਿਹਾ ਅਲਵਿਦਾ

ਮੁੰਬਈ – ਹਿੰਦੀ ਫ਼ਿਲਮ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੇ ਦਿੱਗਜ ਗੀਤਕਾਰ ਦੇਵ ਕੋਹਲੀ ਦਾ ਅੱਜ ਸਵੇਰੇ 81 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਦੇਵ ਕੋਹਲੀ ਲੰਬੇ ਸਮੇਂ ਤੋਂ ਉਮਰ ਸੰਬੰਧੀ ਬੀਮਾਰੀਆਂ ਨਾਲ ਜੂਝ ਰਹੇ ਸਨ, ਜਿਸ ਕਾਰਨ ਉਹ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਅੰਧੇਰੀ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਦਾਖਲ ਸਨ। ਲਗਾਤਾਰ ਇਲਾਜ ਤੋਂ ਬਾਅਦ ਵੀ ਉਨ੍ਹਾਂ ਦੀ ਹਾਲਤ ‘ਚ ਕੋਈ ਸੁਧਾਰ ਨਹੀਂ ਹੋਇਆ ਅਤੇ ਬਾਅਦ ‘ਚ ਡਾਕਟਰਾਂ ਨੇ ਉਸ ਨੂੰ ਘਰ ਭੇਜ ਦਿੱਤਾ।

ਦੱਸ ਦਈਏ ਕਿ ਦੇਵ ਕੋਹਲੀ ਕਰੀਬ 10 ਦਿਨ ਪਹਿਲਾਂ ਹਸਪਤਾਲ ਤੋਂ ਘਰ ਆਏ ਸਨ। ਅੱਜ ਤੜਕੇ 4 ਵਜੇ ਇਸ ਮਹਾਨ ਗੀਤਕਾਰ ਨੇ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ। ਦੂਜੇ ਪਾਸੇ ਦੇਵ ਕੋਹਲੀ ਦੀ ਮੌਤ ਕਾਰਨ ਫ਼ਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਦੇਵ ਕੋਹਲੀ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਦੁਪਹਿਰ 2 ਵਜੇ ਤੋਂ ਮੁੰਬਈ ਸਥਿਤ ਉਨ੍ਹਾਂ ਦੇ ਲੋਖੰਡਵਾਲਾ ਸਥਿਤ ਘਰ ‘ਚ ਰੱਖਿਆ ਜਾਵੇਗਾ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ।

ਕਵੀ ਅਤੇ ਗੀਤਕਾਰ ਦੇਵ ਕੋਹਲੀ ਦੇ ਮੌਤ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। 100 ਤੋਂ ਵੱਧ ਫ਼ਿਲਮਾਂ ਲਈ ਲਿਖੇ ਗੀਤ ਦੇਵ ਕੋਹਲੀ ਦਾ ਜਨਮ 2 ਨਵੰਬਰ 1942 ਨੂੰ ਰਾਵਲਪਿੰਡੀ, ਪਾਕਿਸਤਾਨ ‘ਚ ਹੋਇਆ ਸੀ। ਉਹ 1948 ‘ਚ ਦਿੱਲੀ ਆਏ ਅਤੇ ਫਿਰ 1949 ‘ਚ ਦੇਹਰਾਦੂਨ ਚਲੇ ਗਏ। ਦੇਵ ਕੋਹਲੀ ਨੇ ‘ਲਾਲ ਪੱਥਰ’, ‘ਮੈਨੇ ਪਿਆਰ ਕੀਆ’, ‘ਹਮ ਆਪਕੇ ਹੈ ਕੌਨ’, ‘ਬਾਜ਼ੀਗਰ’, ‘ਜੁੜਵਾ 2’, ‘ਮੁਸਾਫਿਰ’, ‘ਇਸ਼ਕ’, ‘ਸ਼ੂਟਆਊਟ ਐਟ ਲੋਖੰਡਵਾਲਾ’, ‘ਟੈਕਸੀ ਨੰਬਰ 911’ ਵਰਗੀਆਂ 100 ਤੋਂ ਵੱਧ ਫ਼ਿਲਮਾਂ ਲਈ ਸੈਂਕੜੇ ਸੁਪਰਹਿੱਟ ਗੀਤ ਲਿਖੇ। ਦੇਵ ਕੋਹਲੀ ਨੇ ਸਲਮਾਨ ਖ਼ਾਨ ਦੀ ਬਲਾਕਬਸਟਰ ਫ਼ਿਲਮ ‘ਮੈਨੇ ਪਿਆਰ ਕੀਆ’ ਲਈ ‘ਕਬੂਤਰ ਜਾ ਜਾ’, ‘ਆਜਾ ਸ਼ਾਮ ਹੋਨੇ ਆਈ’, ‘ਆਤੇ ਜਾਤੇ ਹਸਤੇ ਗਾਤੇ’, ‘ਕਹੇ ਤੋ ਸਜਨਾ’ ਵਰਗੇ ਸੁਪਰਹਿੱਟ ਗੀਤ ਲਿਖੇ। ਫ਼ਿਲਮ ਇੰਡਸਟਰੀ ‘ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Add a Comment

Your email address will not be published. Required fields are marked *