ਕੈਨੇਡਾ ‘ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ
![](http://mehakewattan.com/wp-content/uploads/2023/08/2023_8image_11_14_0854816271-ll.jpg)
ਬੇਗੋਵਾਲ – ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਾਰ ਦੀ ਟਰਾਲੇ ਨਾਲ ਟੱਕਰ ਹੋਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਨੂੰ ਚਲਾ ਰਿਹਾ ਪੰਜਾਬੀ ਨੌਜਵਾਨ ਕਾਰ ਵਿਚ ਬੁਰੀ ਤਰ੍ਹਾਂ ਸੜ ਗਿਆ। ਇਸ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਦੱਸ ਦੇਈਏ ਕਿ ਕਾਰ ਨੂੰ ਗੁਰਸ਼ਿੰਦਰ ਸਿੰਘ ਘੋਤੜਾ ਪੁੱਤਰ ਸੁਰਿੰਦਰ ਸਿੰਘ ਚਲਾ ਰਿਹਾ ਸੀ।
ਗੁਰਸ਼ਿੰਦਰ ਸਿੰਘ ਦਾ ਜੱਦੀ ਘਰ ਹਲਕਾ ਭੁਲੱਥ ਦੇ ਕਸਬਾ ਬੇਗੋਵਾਲ ਨੇੜਲੇ ਭਦਾਸ ਪਿੰਡ ਵਿਚ ਹੈ। ਮ੍ਰਿਤਕ ਨੌਜਵਾਨ ਗੁਰਸ਼ਿੰਦਰ ਸਿੰਘ ਘੋਤੜਾ (ਗੁਰੀ) ਦੇ ਰਿਸ਼ਤੇਦਾਰ ਸਮਸ਼ੇਰ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਭਦਾਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਾਰ ਵਿਚ ਸੜਿਆ ਨੌਜਵਾਨ ਗੁਰਸ਼ਿੰਦਰ ਸਿੰਘ ਘੋਤੜਾ ਉਸ ਦੇ ਤਾਏ ਦਾ ਪੋਤਰਾ ਸੀ। ਉਨ੍ਹਾਂ ਦਸਿਆ ਕਿ ਮੇਰਾ ਤਾਇਆ ਦਰਸ਼ਨ ਸਿੰਘ ਹਰਿਆਣਾ ਪੁਲਸ ਵਿਚੋਂ ਐੱਸ. ਪੀ. ਰਿਟਾਇਰ ਹੋਇਆ ਸੀ ਅਤੇ ਤਾਏ ਦਾ ਮੁੰਡਾ ਸੁਰਿੰਦਰ ਸਿੰਘ ਚੰਡੀਗੜ੍ਹ ਪੁਲਸ ਵਿਚ ਨੌਕਰੀ ਕਰਦਾ ਸੀ। ਜੋ ਹੁਣ ਕੈਨੇਡਾ ਵਿਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ।
ਸੁਰਿੰਦਰ ਸਿੰਘ ਦਾ ਪੁੱਤਰ ਗੁਰਸ਼ਿੰਦਰ ਸਿੰਘ ਘੋਤੜਾ ਕੈਨੇਡਾ ਪੁਲਸ ਵਿਚ ਭਰਤੀ ਹੋਣ ਸਬੰਧੀ ਅਕੈਡਮੀ ਤੋਂ ਟ੍ਰੇਨਿੰਗ ਖ਼ਤਮ ਹੋਣ ਉਪਰੰਤ 23 ਅਗਸਤ ਨੂੰ ਘਰ ਆ ਰਿਹਾ ਸੀ, ਜਿਸ ਦੀ ਕਾਰ ਨੂੰ ਰਸਤੇ ਵਿਚ ਟਰਾਲੇ ਨਾਲ ਹਾਦਸੇ ਤੋਂ ਬਾਅਦ ਅੱਗ ਲੱਗ ਗਈ। ਇਸ ਦੌਰਾਨ ਗੁਰਸ਼ਿੰਦਰ ਸਿੰਘ ਘੋਤੜਾ ਦੀ ਮੌਤ ਹੋ ਗਈ। ਜਿਸ ਦਾ ਅੰਤਿਮ ਸੰਸਕਾਰ 25 ਅਗਸਤ ਨੂੰ ਕੈਨੇਡਾ ਵਿਖੇ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਸ਼ਿੰਦਰ ਸਿੰਘ ਨੇ ਸੋਮਵਾਰ ਨੂੰ ਪਾਸਿੰਗ ਆਊਟ ਤੋਂ ਬਾਅਦ ਨੌਕਰੀ ਜੁਆਇੰਨ ਕਰਨੀ ਸੀ ਪਰ ਇਸ ਦਰਦਨਾਕ ਹਾਦਸੇ ਕਾਰਨ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਦੂਜੇ ਪਾਸੇ ਇਸ ਹਾਦਸੇ ਨੂੰ ਲੈ ਕੇ ਪਿੰਡ ਭਦਾਸ ਵਿਚ ਸੋਗ ਦੀ ਲਹਿਰ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)