ਦੇਸ਼ ਦੇ ਕਈ ਸੂਬਿਆਂ ‘ਚ ਅੱਜ ਭਾਰੀ ਮੀਂਹ ਦੀ ਸੰਭਾਵਨਾ

ਨਵੀਂ ਦਿੱਲੀ – ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਸੂਬੇ ਦੀਆਂ ਸਾਰੀਆਂ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਬਰਸਾਤ ਦਾ ਕਹਿਰ ਜਾਰੀ ਹੈ। ਪਹਾੜੀ ਸੂਬੇ ਹਿਮਾਚਲ ‘ਚ ਮਾਨਸੂਨ ਤਬਾਹੀ ਮਚਾ ਰਿਹਾ ਹੈ, ਜਿਸ ਕਾਰਨ ਸੂਬੇ ‘ਚ ਲਗਾਤਾਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਲਾਕੇ ਵਿੱਚ ਸੈਂਕੜੇ ਸੜਕਾਂ ਅਤੇ ਮਕਾਨ ਢਹਿ ਗਏ ਹਨ। ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਮੌਸਮ ਵਿਭਾਗ ਨੇ ਇੱਕ ਵਾਰ ਫਿਰ ਸੂਬੇ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਮੁਤਾਬਕ ਅੱਜ ਉੱਤਰਾਖੰਡ, ਬਿਹਾਰ ਅਤੇ ਉੜੀਸਾ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਚਾਰ ਦਿਨਾਂ ਦੌਰਾਨ ਉੱਤਰ-ਪੂਰਬੀ ਭਾਰਤ ਵਿੱਚ ਕੁਝ ਥਾਵਾਂ ‘ਤੇ ਹਲਕੀ/ਦਰਮਿਆਨੀ ਤੋਂ ਕਾਫ਼ੀ ਵਿਆਪਕ ਬਾਰਿਸ਼/ਗਰਜ਼-ਤੂਫ਼ਾਨ ਅਤੇ ਬਿਜਲੀ ਦੇ ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ ਇੱਕ ਹਫ਼ਤੇ ਦੌਰਾਨ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਆਈਐਮਡੀ ਮੁਤਾਬਕ ਅੱਜ ਯਾਨੀ ਸ਼ਨੀਵਾਰ ਨੂੰ ਰਾਜਧਾਨੀ ‘ਚ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ। ਇਸ ਦੌਰਾਨ ਇੱਥੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਪੰਜਾਬ ਅਤੇ ਦਿੱਲੀ ਵਿੱਚ ਮੌਸਮ ਅਜਿਹਾ ਹੀ ਰਹੇਗਾ। ਇਸ ਦੌਰਾਨ ਤਾਪਮਾਨ ਦੋ ਤੋਂ ਚਾਰ ਡਿਗਰੀ ਸੈਲਸੀਅਸ ਵਧ ਸਕਦਾ ਹੈ। ਜਿਸ ਕਾਰਨ ਅਗਲੇ ਹਫ਼ਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਮੁਤਾਬਕ ਰਾਜਧਾਨੀ ਵਿੱਚ ਫਿਲਹਾਲ ਮੀਂਹ ਦੀ ਸੰਭਾਵਨਾ ਘੱਟ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।

ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਸ਼ਨੀਵਾਰ ਨੂੰ ਉੱਤਰ-ਪੂਰਬੀ ਸੂਬਿਆਂ ਅਸਾਮ ਅਤੇ ਮੇਘਾਲਿਆ ਵਿੱਚ ਅਲੱਗ-ਥਲੱਗ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਬਿਹਾਰ, ਉੜੀਸਾ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ। 

ਇਸ ਤੋਂ ਇਲਾਵਾ ਜੰਮੂ-ਕਸ਼ਮੀਰ-ਲਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਝਾਰਖੰਡ, ਤੱਟੀ ਆਂਧਰਾ ਪ੍ਰਦੇਸ਼, ਯਾਨਾਮ, ਤੇਲੰਗਾਨਾ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਦੇ ਵੱਖ-ਵੱਖ ਸਥਾਨਾਂ ‘ਤੇ ਬਿਜਲੀ ਦੇ ਨਾਲ ਗਰਜ ਨਾਲ ਤੂਫਾਨ ਆ ਸਕਦਾ ਹੈ।

ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਕਈ ਜ਼ਿਲਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਸਤੰਬਰ ਦੇ ਪਹਿਲੇ ਹਫ਼ਤੇ ਮੌਨਸੂਨ ਦੀ ਬਾਰਸ਼ ਤੇਜ਼ ਹੋ ਸਕਦੀ ਹੈ। ਦੂਜੇ ਪਾਸੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 30 ਅਗਸਤ ਤੱਕ ਇਕ-ਦੋ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਉੱਤਰ-ਪੂਰਬੀ ਰਾਜਾਂ ਵਿੱਚ ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਜਾਰੀ ਰਹਿ ਸਕਦਾ ਹੈ।

Add a Comment

Your email address will not be published. Required fields are marked *