ਨਹੀਂ ਰਹੀ ਫ਼ਿਲਮ ‘ਆਨੰਦ’ ਦੀ ਅਦਾਕਾਰਾ ਸੀਮਾ ਦੇਵ

ਮੁੰਬਈ  – ਮਸ਼ਹੂਰ ਬਾਲੀਵੁੱਡ ਅਤੇ ਮਰਾਠੀ ਫ਼ਿਲਮ ਅਭਿਨੇਤਰੀ ਸੀਮਾ ਆਰ. ਦੇਵ ਦਾ ਇੱਥੇ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹ 81 ਸਾਲਾਂ ਦੇ ਸਨ। ਸੀਮਾ ਦੇਵ (81) ਅਲਜ਼ਾਈਮਰ ਰੋਗ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਸਨ। ਬੀਤੇ ਦਿਨੀਂ ਵੀਰਵਾਰ ਸਵੇਰੇ ਇਕ ਨਿੱਜੀ ਹਸਪਤਾਲ ‘ਚ ਉਨ੍ਹਾਂ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਤੀ ਰਮੇਸ਼ ਦੇਵ ਇਕ ਮਸ਼ਹੂਰ ਅਭਿਨੇਤਾ ਸਨ ਅਤੇ ਉਨ੍ਹਾਂ ਦੇ 2 ਬੇਟੇ ਅਜਿੰਕਿਆ ਅਤੇ ਅਭਿਨਯ ਹਨ, ਜਿਨ੍ਹਾਂ ‘ਚੋਂ ਇਕ ਅਭਿਨੇਤਾ ਅਤੇ ਇਕ ਐਕਟਿੰਗ ਨਿਰਦੇਸ਼ਕ ਹੈ।

ਦੱਸ ਦਈਏ ਕਿ ਸੀਮਾ ਦੇਵ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਸ਼ਿਵਾਜੀ ਪਾਰਕ ਵਿਖੇ ਕੀਤਾ ਜਾਵੇਗਾ। ਦੱਸ ਦੇਈਏ ਕਿ ਅਦਾਕਾਰਾ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਅਤੇ ਦਿੱਗਜ ਮਰਾਠੀ ਅਤੇ ਹਿੰਦੀ ਅਭਿਨੇਤਾ ਰਮੇਸ਼ ਦੇਵ ਦਾ ਪਿਛਲੇ ਸਾਲ 93 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਪਤੀ ਦੀ ਮੌਤ ਦੇ ਕਰੀਬ ਇੱਕ ਸਾਲ ਬਾਅਦ ਹੁਣ ਸੀਮਾ ਦੇਵ ਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।

ਦੱਸਣਯੋਗ ਹੈ ਕਿ ਸੀਮਾ ਦੇਵ ਨੇ ਆਪਣੇ ਫ਼ਿਲਮੀ ਕਰੀਅਰ ‘ਚ 80 ਤੋਂ ਵੱਧ ਫ਼ਿਲਮਾਂ ‘ਚ ਕੰਮ ਕੀਤਾ ਸੀ। ਉਨ੍ਹਾਂ ਨੇ 1960 ‘ਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਪਹਿਲੀ ਫ਼ਿਲਮ ‘ਮੀਆਂ ਬੀਵੀ ਰਜ਼ਾ’ ਸੀ। ਸੀਮਾ ਦੇਵ ਨੇ ਫ਼ਿਲਮ ਆਨੰਦ ‘ਚ ਅਮਿਤਾਭ ਬੱਚਨ, ਰਾਜੇਸ਼ ਖੰਨਾ ਨਾਲ ਕੰਮ ਕੀਤਾ ਸੀ। ਇਸ ਫ਼ਿਲਮ ‘ਚ ਉਹ ਬਿੱਗ ਬੀ ਦੀ ਭਾਬੀ ਬਣੀ ਸੀ। ਇਸ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੋਰਾ ਕਾਗਜ਼, ਸੰਸਾਰ, ਕੋਸ਼ੀਸ਼ ਵਰਗੀਆਂ ਫ਼ਿਲਮਾਂ ‘ਚ ਵੀ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਅਭਿਨੇਤਰੀ ਦੀ ਮੌਤ ਤੋਂ ਫ਼ਿਲਮ ਜਗਤ ਦੇ ਲੋਕ ਅਤੇ ਪ੍ਰਸ਼ੰਸਕ ਸਦਮੇ ‘ਚ ਹਨ। ਹਰ ਕੋਈ ਉਨ੍ਹਾਂ ਨੂੰ ਨਮ ਅੱਖਾਂ ਨਾਲ ਯਾਦ ਕਰਕੇ ਸ਼ਰਧਾਂਜਲੀ ਦੇ ਰਿਹਾ ਹੈ।

Add a Comment

Your email address will not be published. Required fields are marked *