ਬੱਦੋਵਾਲ ਸਕੂਲ ਹਾਦਸੇ ਮਗਰੋਂ ਨੀਂਦ ’ਚੋਂ ਜਾਗਿਆ ਸਿੱਖਿਆ ਵਿਭਾਗ

ਲੁਧਿਆਣਾ – ਬੱਦੋਵਾਲ ਦੇ ਸਰਕਾਰੀ ਸਕੂਲ ’ਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਸਿੱਖਿਆ ਵਿਭਾਗ ਨੀਂਦ ’ਚੋਂ ਜਾਗ ਗਿਆ ਹੈ ਅਤੇ ਹੁਣ ਸਕੂਲ ’ਚ ਨਿਰਮਾਣ ਕਾਰਜ ਕਰਵਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ, ਤਾਂ ਜੋ ਅਜਿਹੀ ਅਣਸੁਖਾਵੀਂ ਘਟਨਾ ਦੁਬਾਰਾ ਨਾ ਵਾਪਰੇ | ਵਿਭਾਗ ਵੱਲੋਂ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਸਕੀਮਾਂ ਤਹਿਤ ਕਮਰਿਆਂ ਦੀ ਉਸਾਰੀ, ਮੁਰੰਮਤ ਅਤੇ ਰੱਖ-ਰਖਾਅ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਵਿਭਾਗ ਨੇ ਇਨ੍ਹਾਂ ਫੰਡਾਂ ਦੀ ਵਰਤੋਂ ਕਰਦੇ ਸਮੇਂ ਵਿਸ਼ੇਸ਼ ਹਦਾਇਤਾਂ ਦਾ ਧਿਆਨ ਰੱਖਣ ਲਈ ਕਿਹਾ ਹੈ। ਖਾਸ ਗੱਲ ਇਹ ਹੈ ਕਿ ਹੁਣ ਸਕੂਲ ਮੁਖੀ ਇਹ ਯਕੀਨੀ ਬਣਾਉਣਗੇ ਕਿ ਸਕੂਲਾਂ ’ਚ ਚੱਲ ਰਹੇ ਨਿਰਮਾਣ ਕਾਰਜਾਂ ਦੌਰਾਨ ਲੋਕ ਨਿਰਮਾਣ ਵਿਭਾਗ (ਬੀ. ਐਂਡ ਆਰ.) ਵਿਭਾਗ ਦੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਸਾਰੀ/ਮੁਰੰਮਤ ਦੌਰਾਨ ਕਿਸੇ ਵੀ ਵਿਦਿਆਰਥੀ/ਸਕੂਲ ਸਟਾਫ ਨੂੰ ਸਥਾਨ ਦੇ ਅੰਦਰ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ।

ਬਹੁ-ਮੰਜ਼ਿਲਾ ਇਮਾਰਤਾਂ ’ਤੇ ਚੱਲ ਰਹੇ ਨਿਰਮਾਣ ਕਾਰਜਾਂ ਵਿਚ ਵਰਤੀ ਜਾਣ ਵਾਲੀ ਸਮੱਗਰੀ ਨੂੰ ਲੋੜ ਅਨੁਸਾਰ ਸਪਲਾਈ ਕੀਤਾ ਜਾਵੇ ਅਤੇ ਜੇਕਰ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤਾਂ ਮੁਰੰਮਤ ਦੌਰਾਨ ਨਿਕਲਣ ਵਾਲੇ ਮਲਬੇ ਨੂੰ ਬਾਹਰ ਕੱਢਿਆ ਜਾਵੇ। ਇਕ ਜਗ੍ਹਾ ’ਤੇ ਇਕੱਠਾ ਨਾ ਕੀਤਾ ਜਾਵੇ। ਸਕੂਲਾਂ ’ਚ ਉਸਾਰੀ/ਮੁਰੰਮਤ ਵਾਲੀਆਂ ਥਾਵਾਂ ’ਤੇ ਠੇਕੇਦਾਰਾਂ ਵੱਲੋਂ ਚਿਤਾਵਨੀ ਚਿੰਨ੍ਹ ਲਗਾਏ ਜਾਣੇ ਚਾਹੀਦੇ ਹਨ। ਵਿਭਾਗ ਨੇ ਹੋਰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਲਾਪ੍ਰਵਾਹੀ ਦੀ ਸੂਰਤ ’ਚ ਜ਼ਿੰਮੇਵਾਰੀ ਤੈਅ ਕਰਦੇ ਹੋਏ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਜਾਰੀ ਦਿਸ਼ਾ-ਨਿਰਦੇਸ਼ਾਂ ’ਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਨਿਰਮਾਣ ਕਾਰਜਾਂ ਦਾ ਨਿਰੀਖਣ ਕਰਨ ਲਈ ਕਿਹਾ ਗਿਆ ਹੈ ਪਰ ਹਾਲਾਤ ਇਹ ਹਨ ਕਿ ਉਹ ਨਿਰਮਾਣ ਕਾਰਜ ਮੁਕੰਮਲ ਹੋਣ ਤੋਂ ਬਾਅਦ ਵੀ ਨਿਰੀਖਣ ਲਈ ਨਹੀਂ ਪਹੁੰਚਦੇ। ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸਿਵਲ ਕਰਮਚਾਰੀਆਂ ਦੇ ਮਾਹਿਰਾਂ ਦਾ ਦੌਰਾ ਸਿਰਫ਼ ਖਾਣ-ਪੀਣ ਲਈ ਹੁੰਦਾ ਹੈ। ਉਹ ਵਿਜ਼ਟਰ ਬੁੱਕ ’ਚ ਐਂਟਰੀ ਕਰਨ ਆਉਂਦਾ ਹਨ ਅਤੇ ਚਲੇ ਜਾਂਦੇ ਹਨ। ਜਦੋਂ ਕਿ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰਾ ਨਿਰਮਾਣ ਕਾਰਜ ਉਨ੍ਹਾਂ ਦੀ ਨਿਗਰਾਨੀ ਹੇਠ ਹੋਣਾ ਜ਼ਰੂਰੀ ਹੈ।

Add a Comment

Your email address will not be published. Required fields are marked *