ਰਾਹੁਲ ਨੇ ਕਾਰਗਿਲ ’ਚ ਨੌਜਵਾਨਾਂ ਨਾਲ ਮੁਲਾਕਾਤ ਕੀਤੀ

ਕਾਰਗਿਲ, 24 ਅਗਸਤ- ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਾਰਗਿਲ ਕਸਬੇ ਦੇ ਨੌਜਵਾਨਾਂ ਗੱਲਬਾਤ ਕੀਤੀ। ਦੱਸਣਯੋਗ ਹੈ ਕਿ ਲੱਦਾਖ ਦੇ ਦੌਰੇ ਦੌਰਾਨ ਅੱਜ ਸ਼ਾਮ ਰਾਹੁਲ ਇੱਥੇ ਪੁੱਜੇ ਸਨ। ਸੀਨੀਅਰ ਕਾਂਗਰਸੀ ਆਗੂ ਅਸਗਰ ਅਲੀ ਕਰਬਲਾਈ ਨੇ ਦੱਸਿਆ ਕਿ ਦਿੱਲੀ ਪਰਤਣ ਤੋਂ ਪਹਿਲਾਂ ਉਹ ਭਲਕੇ ਸਵੇਰੇ ਇਥੇ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਲੱਦਾਖ ਖੁਦਮੁਖਤਿਆਰ ਪਹਾੜੀ ਵਿਕਾਸ ਪ੍ਰੀਸ਼ਦ ਕਾਰਗਿਲ ਦੀਆਂ 30 ’ਚੋਂ 26 ਸੀਟਾਂ ’ਤੇ 10 ਸਤੰਬਰ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ ਚਾਰ ਦਿਨਾਂ ਮਗਰੋਂ ਕੀਤੀ ਜਾਵੇਗੀ। ਰਾਹੁਲ ਮੋਟਰਸਾਈਕਲ ’ਤੇ ਇਥੇ ਪੁੱਜੇ ਸਨ ਜਿਥੇ ਨੌਜਵਾਨਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਨੌਜਵਾਨਾਂ ਨੇ ‘ਭਾਰਤ ਜੋੜੋ’ ਅਤੇ ਕਾਂਗਰਸੀ ਆਗੂ ਦੀ ਸ਼ਲਾਘਾ ਕਰਦਿਆਂ ਨਾਅਰੇ ਲਾਏ। ਕਾਰਬਲਾਈ ਨੇ ਦੱਸਿਆ ਕਿ ਗਾਂਧੀ ਨੇ ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਸਬੰਧੀ ਗੱਲਬਾਤ ਕੀਤੀ ਅਤੇ ਸਾਲ 2024 ਦੀਆਂ ਲੋਕਸਭਾ ਚੋਣਾਂ ਦੇ ਨਾਲ-ਨਾਲ ਇਸ ਸਾਲ ਦੇ ਅਖੀਰ ਵਿੱਚ ਸੂਬੇ ’ਚ ਹੋਣ ਵਾਲੀਆਂ ਚੋਣਾਂ ਦੌਰਾਨ ਵੀ ਪਾਰਟੀ ਦੀ ਜਿੱਤ ਦਾ ਭਰੋਸਾ ਦਿੱਤਾ ਹੈ। ਲੋਕਲ ਕਾਂਗਰਸ ਯੂਨਿਟ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਉਨ੍ਹਾਂ ਇੱਕ ਘੰਟੇ ਤੱਕ ਨੌਜਵਾਨਾਂ ਨਾਲ ਰਾਬਤਾ ਕਾਇਮ ਕੀਤਾ। ਇਥੇ 1000 ਦੇ ਕਰੀਬ ਨੌਜਵਾਨਾਂ ਨੇ ਰੁਜ਼ਗਾਰ ਸਬੰਧੀ ਸਮੱਸਿਆਵਾਂ ਰਾਹੁਲ ਗਾਂਧੀ ਨਾਲ ਸਾਂਝੀਆਂ ਕੀਤੀਆਂ। ਰਾਹੁਲ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਸੰਸਦ ਵਿੱਚ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਉਠਾਉਣਗੇ ਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਕੋਸ਼ਿਸ਼ ਕਰਨਗੇ। ਕਾਰਬਲਾਈ ਨੇ ਦੱਸਿਆ ਕਿ ਰਾਹੁਲ ਇੱਥੇ ਲੋਕਲ ਚੋਣਾਂ ਲਈ ਕਿਸੇ ਉਮੀਦਵਾਰ ਲਈ ਪ੍ਰਚਾਰ ਕਰਨ ਲਈ ਨਹੀਂ ਪਹੁੰਚੇ ਹਨ, ਉਹ ਇਥੇ ਨਫਰਤ ਨੂੰ ਖਤਮ ਕਰ ਪਿਆਰ ਫੈਲਾਉਣ ਆਏ ਹਨ। ਸਾਲ 2019 ਵਿੱਚ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨਣ ਤੋਂ ਬਾਅਦ ਰਾਹੁਲ ਗਾਂਧੀ ਦਾ ਇਹ ਪਹਿਲਾ ਦੌਰਾ ਹੈ।

Add a Comment

Your email address will not be published. Required fields are marked *