ਨਵੀਆਂ ਨੌਕਰੀਆਂ ਦੀ ਸਿਰਜਣਾ ਜੂਨ ‘ਚ 9 ਮਹੀਨਿਆਂ ਦੇ ਉੱਚ ਪੱਧਰ ‘ਤੇ

ਨਵੀਂ ਦਿੱਲੀ : ਨਵੀਆਂ ਰਸਮੀ ਨੌਕਰੀਆਂ ਦੀ ਸਿਰਜਣਾ ਲਗਾਤਾਰ ਤੀਜੇ ਮਹੀਨੇ ਵਧੀ ਹੈ। ਜੂਨ ‘ਚ ਇਹ 9 ਮਹੀਨਿਆਂ ਦੇ ਉੱਚ ਪੱਧਰ ‘ਤੇ ਹੈ। ਇਸ ਨਾਲ ਵਿੱਤੀ ਸਾਲ 2024 ਦੀ ਪਹਿਲੀ ਤਿਮਾਹੀ ‘ਚ ਲੇਬਰ ਮਾਰਕੀਟ ‘ਚ ਲਗਾਤਾਰ ਸੁਧਾਰ ਦੇ ਸੰਕੇਤ ਮਿਲਦੇ ਹਨ। ਇਹ ਜਾਣਕਾਰੀ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਹਾਲ ਹੀ ਦੇ ਅੰਕੜਿਆਂ ਤੋਂ ਮਿਲੀ ਹੈ। ਕਰਮਚਾਰੀ ਭਵਿੱਖ ਨਿਧੀ (EPF) ਦੇ ਨਵੇਂ ਮਹੀਨਾਵਾਰ ਸਬਸਕ੍ਰਾਈਬਰਾਂ ਦੀ ਗਿਣਤੀ ਜੂਨ ‘ਚ ਲਗਭਗ 10 ਫ਼ੀਸਦੀ ਵਧ ਕੇ 10,14,229 ਹੋ ਗਈ ਹੈ, ਜੋ ਮਈ ‘ਚ 9,27,703 ਸੀ। ਇਸ ਤੋਂ ਪਹਿਲਾਂ ਸਤੰਬਰ 2022 ‘ਚ 10,15,683 ਨਵੇਂ ਸਬਸਕ੍ਰਾਈਬਰ EPF ‘ਚ ਰਜਿਸਟਰ ਹੋਏ ਸੀ।

ਇਨ੍ਹਾਂ 10,12,229 ਨਵੇਂ ਸਬਸਕ੍ਰਾਈਬਰਾਂ ਵਿੱਚ ਨੌਜਵਾਨ ਸਬਸਕ੍ਰਾਈਬਰਾਂ (18-28 ਸਾਲਾ ਉਮਰ ਵਰਗ) ਦੀ ਗਿਣਤੀ ਜੂਨ ‘ਚ 67.8 ਫ਼ੀਸਦੀ (6,87,823) ਵਧੀ ਹੈ, ਜਦਕਿ ਮਈ ‘ਚ 66.5 ਫ਼ੀਸਦੀ (6,16,783) ਵਧੀ ਸੀ। ਇਹ ਮਹੱਤਵਪੂਰਨ ਹੈ, ਕਿਉਂਕਿ ਇਸ ਉਮਰ ਵਰਗ ‘ਚ ਸਬਸਕ੍ਰਾਈਬਰਾਂ ਦੀ ਗਿਣਤੀ ਆਮ ਤੌਰ ‘ਤੇ ਅਜਿਹੇ ਲੋਕਾਂ ਦੀ ਹੁੰਦੀ ਹੈ, ਜੋ ਪਹਿਲੀ ਵਾਰ ਲੇਬਰ ਮਾਰਕੀਚ ‘ਚ ਦਾਖਲ ਹੁੰਦੇ ਹਨ ਅਤੇ ਇਸ ਨਾਲ ਤੇਜ਼ੀ ਦੇ ਵੀ ਸੰਕੇਤ ਮਿਲਦੇ ਹਨ। ਇਸੇ ਤਰ੍ਹਾਂ ਜੂਨ ‘ਚ ਨਵੀਆਂ ਨੌਕਰੀਆਂ ਲੈਣ ਵਾਲੀਆਂ ਔਰਤਾਂ ਦੀ ਹਿੱਸੇਦਾਰੀ 27.7 ਫ਼ੀਸਦੀ (2,81,078) ਵਧੀ ਹੈ, ਜੋ ਇਸ ਤੋਂ ਪਿਛਲੇ ਮਹੀਨੇ 24.9 ਫ਼ੀਸਦੀ ਵਧੀ ਸੀ।

ਟੀਮਲੀਜ਼ ਸਰਵਿਸਿਜ਼ ਦੀ ਸਹਿ-ਸੰਸਥਾਪਕ ਰਿਤੂਪਰਨਾ ਚੱਕਰਵਰਤੀ ਨੇ ਕਿਹਾ ਕਿ ਪਹਿਲੀ ਤਿਮਾਹੀ ‘ਚ ਫਰਮਾਂ ਆਮ ਤੌਰ ‘ਤੇ ਆਪਣੇ ਕਰਮਚਾਰੀਆਂ ਦੀਆਂ ਕੁੱਲ ਜ਼ਰੂਰਤਾਂ ਦਾ ਧਿਆਨ ਰੱਖ ਕੇ ਤਿਆਰੀ ਕਰਦੀ ਹੈ, ਜਿਸ ‘ਚ ਨਵੀਆਂ ਭਰਤੀਆਂ ਹੁੰਦੀਆਂ ਹਨ। ਉਸਨੇ ਕਿਹਾ, ‘ਅੱਗੇ ਦੀ ਸਥਿਤੀ ਦੇਖੋ ਤਾਂ ਪਹਿਲੀ ਤਿਮਾਹੀ ਦੌਰਾਨ ਭਰਤੀ ਦੀਆਂ ਗਤੀਵਿਧੀਆਂ ਵਧ ਰਹੀਆਂ ਹਨ ਅਤੇ ਛੋਟੀ ਤੋਂ ਮੱਧਮ ਮਿਆਦ ਦੇ ਹਿਸਾਬ ਨਾਲ ਇਹ ਸਥਿਤੀ ਬਣੀ ਰਹੇਗੀ, ਕਿਉਂਕਿ ਤਿਉਹਾਰਾਂ ਦਾ ਲੰਬਾ ਸੀਜ਼ਨ ਹੁਣ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਹੋਰ ਨੋਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ।’

ਉਸਦਾ ਸਮਰਥਨ ਕਰਦੇ ਹੋਏ ਇੰਡੀਅਨ ਸਟਾਫਿੰਗ ਫੈਡਰੇਸ਼ਨ (ਆਈ. ਐੱਸ ਐੱਫ.) ਦੇ ਪ੍ਰਧਾਨ ਲੋਹਿਤ ਭਾਟੀਆ ਨੇ ਕਿਹਾ ਕਿ ਜੂਨ ਦੇ ਅੰਕੜਿਆਂ ਤੋਂ ਰਸਮੀ ਨੌਕਰੀਆਂ ਦੇ ਪੈਦਾ ਹੋਣ ‘ਚ ਤੇਜ਼ੀ ਦਾ ਪਤਾ ਲੱਗਦਾ ਹੈ ਅਤੇ ਇਹ ਗ਼ੈਰ-ਰਸਮੀ ਤੋਂ ਰਸਮੀ ਰੁਜ਼ਗਾਰ ‘ਚ ਬਦਲਾਅ ਦਾ ਸੰਕੇਤ ਹੈ, ਜੋ ਆਮ ਤੌਰ ‘ਤੇ ਮੱਧ ਦਰਜੇ ਦੇ ਅਤੇ ਵੱਡੇ ਉਦਯੋਗਾਂ ਵਿੱਚ ਹੁੰਦਾ ਹੈ। ਉਸਨੇ ਕਿਹਾ, ‘ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਨਾਲ ਅਰਥਵਿਵਸਥਾ ਹੌਲੀ-ਹੌਲੀ ਹੋਰ ਰਸਮੀ ਬਣ ਰਹੀ ਹੈ ਅਤੇ ਪ੍ਰਮੁੱਖ ਬੁਨਿਆਦੀ ਢਾਂਚਾ ਖੇਤਰ ‘ਚ ਨਿਵੇਸ਼ ਵਧਾ ਰਿਹਾ ਹੈ। ਇਸਦਾ ਚੰਗਾ ਅਸਰ ਪ੍ਰਚੂਨ, ਬੈਂਕਿੰਗ, ਵਿੱਤੀ, ਟੈਲੀਕਾਮ ਅਤੇ ਨਿਰਮਾਣ ਖੇਤਰ ‘ਤੇ ਨਜ਼ਰ ਆ ਰਿਹਾ ਹੈ। ਰੁਜ਼ਗਾਰਦਾਤਾ ਵੀ ਲੋਕਾਂ ਨੂੰ ਰਸਮੀ ਖੇਤਰ ਨਾਲ ਜੋੜਨਾ ਚਾਹੁੰਦੇ ਹਨ, ਕਿਉਂਕਿ ਇਸ ਨਾਲ ਨਿਰੰਤਰਤਾ ਅਤੇ ਹੁਨਰ ਯਕੀਨੀ ਬਣਦਾ ਹੈ।’

ਇਸ ਦੇ ਇਲਾਵਾ ਪੇਰੋਲ ਦੀ ਗਿਣਤੀ ‘ਚ ਸ਼ੁੱਧ ਵਾਧਾ, ਜਿਸ ਦੀ ਗਿਣਤੀ ਨਵੇਂ ਸਬਸਕ੍ਰਾਈਬਰਾਂ ਦੇ ਆਉਣ, ਇਸ ‘ਚੋਂ ਨਿਕਲਣ ਵਾਲੇ ਅਤੇ ਪੁਰਾਣੇ ਸਬਸਕ੍ਰਾਈਬਰਾਂ ਦੀ ਵਾਪਸੀ ਨੂੰ ਮਿਲਾ ਕੇ ਹੁੰਦੀ ਹੈ, ਜੂਨ ‘ਚ 29.9 ਫ਼ੀਸਦੀ ਰਹੀ ਹੈ। ਇਹ ਮਈ ਦੇ 13.8 ਲੱਖ ਦੇ ਮੁਕਾਬਲੇ ਜੂਨ ‘ਚ 17.8 ਲੱਖ ਹੋ ਗਈ ਹੈ। ਹਾਲਾਂਕਿ ਸ਼ੁੱਧ ਮਹੀਨਾਵਰ ਪੇਰੋਲ ਅੰਕੜੇ ਅਸਥਾਈ ਸੁਭਾਅ ਦੇ ਹੁੰਦੇ ਹਨ ਅਤੇ ਅਕਸਰ ਇਨ੍ਹਾਂ ‘ਚ ਅਗਲੇ ਮਹੀਨੇ ਤੇਜ਼ੀ ਨਾਲ ਬਦਲਾਅ ਹੁੰਦੇ ਹਨ। ਇਹੀ ਕਾਰਨ ਹੈ ਕਿ ਨਵੇਂ EPF ਸਬਸਕ੍ਰਾਈਬਰਾਂ ਦੇ ਅੰਕੜੇ ਸ਼ੁੱਧ ਵਿਕਾਸ ਦੀ ਤੁਲਨਾ ‘ਚ ਵੱਧ ਵਿਸ਼ਵਾਸਯੋਗ ਹੁੰਦੇ ਹਨ।

Add a Comment

Your email address will not be published. Required fields are marked *