ਬਾਲੀਵੁੱਡ ਦੇ ਮਸ਼ਹੂਰ ਗਾਇਕ ਲਾਭ ਜੰਜੂਆ ਦੀ ਪਤਨੀ ਦੀ ਮੌਤ

ਮੰਡੀ ਗੋਬਿੰਦਗੜ੍ਹ : ਆਪਣੀ ਆਵਾਜ਼ ਦੇ ਦਮ ‘ਤੇ ਬਾਲੀਵੁੱਡ ‘ਚ ਧਮਾਲ ਮਚਾਉਣ ਵਾਲੇ ਖੰਨਾ ਦੇ ਮਰਹੂਮ ਗਾਇਕ ਲਾਭ ਜੰਜੂਆ ਦੀ ਪਤਨੀ ਦਲਜੀਤ ਕੌਰ ਜੰਜੂਆ (45) ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਦਲਜੀਤ ਕੌਰ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸਾ ਐਤਵਾਰ ਦੇਰ ਰਾਤ ਵਾਪਰਿਆ। ਦਲਜੀਤ ਕੌਰ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਬੱਸ ‘ਚ ਖੰਨਾ ਪਰਤ ਰਹੀ ਸੀ। ਹਨ੍ਹੇਰਾ ਹੋਣ ਕਾਰਨ ਉਹ ਮੰਡੀ ਗੋਬਿੰਦਗੜ੍ਹ ਵਿਖੇ ਹੀ ਭੁਲੇਖੇ ਨਾਲ ਉਤਰ ਗਈ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਵਾਹਨ ਨੇ ਦਲਜੀਤ ਕੌਰ ਨੂੰ ਟੱਕਰ ਮਾਰ ਦਿੱਤੀ। ਸੋਮਵਾਰ ਨੂੰ ਦਲਜੀਤ ਕੌਰ ਜੰਜੂਆ ਦਾ ਅੰਤਿਮ ਸੰਸਕਾਰ ਖੰਨਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।

ਦੁੱਖ ਦੀ ਗੱਲ ਇਹ ਹੈ ਕਿ ਲਾਭ ਜੰਜੂਆ ਦੀ ਮੌਤ ‘ਤੇ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਖੰਨਾ ਪਹੁੰਚੀਆਂ ਸਨ। ਉਨ੍ਹਾਂ ਪਰਿਵਾਰ ਨੂੰ ਤਸੱਲੀ ਦਿੰਦੇ ਹੋਏ ਦੁੱਖ-ਸੁੱਖ ‘ਚ ਸ਼ਰੀਕ ਹੋਣ ਦਾ ਹੌਂਸਲਾ ਦਿੱਤਾ ਸੀ। ਉਸ ਜੰਜੂਆ ਦੀ ਪਤਨੀ ਦੇ ਅੰਤਿਮ ਸੰਸਕਾਰ ‘ਚ ਇੱਕ ਵੀ ਕਲਾਕਾਰ ਨਹੀਂ ਆਇਆ। ਇਸ ਤੋਂ ਇਲਾਵਾ ਸ਼ਹਿਰ ਦਾ ਕੋਈ ਵੀ ਪਤਵੰਤਾ ਸੱਜਣ ਵੀ ਅੰਤਿਮ ਯਾਤਰਾ ‘ਚ ਸ਼ਾਮਲ ਨਹੀਂ ਹੋਇਆ। ਲਾਭ ਜੰਜੂਆ ਦੇ ਪੁੱਤਰ ਬਲਜਿੰਦਰ ਸਿੰਘ ਜੰਜੂਆ ਨੇ 10 ਤੋਂ 15 ਲੋਕਾਂ ਦੀ ਹਾਜ਼ਰੀ ‘ਚ ਆਪਣੀ ਮਾਤਾ ਦੀ ਚਿਖਾ ਨੂੰ ਅਗਨ ਭੇਂਟ ਕੀਤਾ।

ਅੰਤਿਮ ਸੰਸਕਾਰ ਤੋਂ ਬਾਅਦ ਕੋਈ ਵੀ ਲਾਭ ਜੰਜੂਆ ਦੇ ਘਰ ਅਫ਼ਸੋਸ ਪ੍ਰਗਟ ਕਰਨ ਲਈ ਨਹੀਂ ਪਹੁੰਚਿਆ। ਬੇਟੇ ਬਲਜਿੰਦਰ ਸਿੰਘ ਜੰਜੂਆ ਨੇ ਦੱਸਿਆ ਕਿ ਪਿਤਾ ਦੀ ਮੌਤ ਮਗਰੋਂ ਹੁਣ ਸਾਰੇ ਕੰਮ ਮਾਤਾ ਕਰਦੇ ਸੀ। ਉਹ 10ਵੀਂ ਜਮਾਤ ਚ ਪੜ੍ਹਦਾ ਹੈ। ਮਾਤਾ ਦਲਜੀਤ ਕੌਰ ਰਿਸ਼ਤੇਦਾਰਾਂ ਕੋਲ ਗਏ ਸੀ। ਦੇਰ ਰਾਤ ਤੱਕ ਨਹੀਂ ਆਏ ਸੀ। ਉਹ ਲਗਾਤਾਰ ਫੋਨ ਕਰ ਰਿਹਾ ਸੀ। ਰਾਤ ਨੂੰ ਕਰੀਬ 1 ਵਜੇ ਕਿਸੇ ਨੇ ਫੋਨ ਚੁੱਕਿਆ ਤਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਵਿਖੇ ਉਸ ਦੀ ਮਾਤਾ ਦੀ ਮੌਤ ਹੋ ਗਈ ਹੈ। ਫਿਰ ਉਹ ਹਸਪਤਾਲ ਗਿਆ ਅਤੇ ਅੰਤਿਮ ਸੰਸਕਾਰ ਕੀਤਾ ਗਿਆ।

ਲਾਭ ਜੰਜੂਆ ਫਿਲਮ ਕੁਈਨ ਦੇ ਗੀਤ ‘ਲੰਡਨ ਠੁਮਕਦਾ’ ਨਾਲ ਕਾਫੀ ਮਸ਼ਹੂਰ ਹੋਏ ਸਨ। ਜੰਜੂਆ ਨੇ ਬਾਲੀਵੁੱਡ ‘ਚ ‘ਓ ਯਾਰਾ ਢੋਲ ਬਜਾ ਕੇ’ (ਢੋਲ, 2007), ‘ਸੋਹਣੀ ਦੇ ਨਖਰੇ’ (ਪਾਰਟਨਰ, 2007), ‘ਪਿਆਰ ਕਰਕੇ ਪਛਤਾਏ’ (ਸ਼ਾਦੀ ਦੇ ਸਾਈਡ ਇਫੈਕਟਸ, 2006), ‘ਜੀ ਕਰਦਾ ਜੀ ਕਰਦਾ'(ਸਿੰਘ ਇਜ਼ ਕਿੰਗ, 2008), ‘ਬਾਰੀ ਬਰਸੀ’ (ਬੈਂਡ ਬਾਜਾ ਬਾਰਾਤ, 2010) ਅਤੇ ‘ਦਿਲ ਕਰੇ ਚੂ ਚਾ’ (ਸਿੰਘ ਇਜ਼ ਬਲਿੰਗ, 2015) ਨਾਲ ਵੱਖਰੀ ਪਛਾਣ ਬਣਾਈ। ਬਾਲੀਵੁੱਡ ਗਾਇਕ ਲਾਭ ਜੰਜੂਆ ਦੀ 22 ਅਕਤੂਬਰ 2015 ਨੂੰ ਮੌਤ ਹੋ ਗਈ ਸੀ। ਉਨ੍ਹਾਂ ਦੀ ਲਾਸ਼ ਮੁੰਬਈ ਦੇ ਗੋਰੇਗਾਂਵ ਦੇ ਬੰਗੂਰ ਨਗਰ ਇਲਾਕੇ ‘ਚ ਸਥਿਤ ਘਰ ਤੋਂ ਮਿਲੀ ਸੀ। ਜੰਜੂਆ ਨੂੰ ਭੰਗੜਾ ਅਤੇ ਹਿਪ ਹੌਪ ਗਾਇਕ ਵਜੋਂ ਵੀ ਜਾਣਿਆ ਜਾਂਦਾ ਸੀ।

Add a Comment

Your email address will not be published. Required fields are marked *