ਪੁਲਸ ਮੁਲਾਜ਼ਮ ਨੇ ਸਿੱਧੂ ਮੂਸੇਵਾਲਾ ਨੂੰ ਦੱਸਿਆ ਅੱਤਵਾਦੀ

ਜਲੰਧਰ: ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਪੁਲਸ ਮੁਲਾਜ਼ਮ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਦੱਸ ਰਿਹਾ ਹੈ। ਝਾਰਖੰਡ ਦੀ ਦੱਸੀ ਜਾ ਰਹੀ ਉਕਤ ਵੀਡੀਓ ਵਿਚ ਇਕ ਪੁਲਸ ਮੁਲਾਜ਼ਮ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕ ਕੇ ਖੜ੍ਹਾ ਨਜ਼ਰ ਆਉਂਦਾ ਹੈ। ਉਹ ਨੌਜਵਾਨ ਵੱਲੋਂ ਮੋਟਰਸਾਈਕਲ ‘ਤੇ ਲਗਾਈ ਗਈ ਸਿੱਧੂ ਮੂਸੇਵਾਲਾ ਦੀ ਤਸਵੀਰ ਵੇਖ ਕੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਨੂੰ ਆਦਰਸ਼ ਮੰਨ ਰਹੇ ਹੋ, ਜੋ ਅੱਤਵਾਦੀ ਹੈ। ਇਹ ਵੀਡੀਓ ਇੰਟਰਨੈੱਟ ‘ਤੇ ਅੱਗ ਵਾਂਗ ਫ਼ੈਲ ਗਈ ਜਿਸ ਤੋਂ ਬਾਅਦ ਪੁਲਸ ਮੁਲਾਜ਼ਮ ਨੇ ਮੁਆਫ਼ੀ ਵੀ ਮੰਗ ਲਈ। 

ਵੀਡੀਓ ਵਾਇਰਲ ਹੋਣ ‘ਤੇ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਦਾ ਗੁੱਸਾ ਫੁੱਟ ਪਿਆ। ਇਸ ਮਗਰੋਂ ਜਦ ‘ਜਗ ਬਾਣੀ’ ਵੱਲੋਂ ਉਕਤ ਵੀਡੀਓ ਵਿਚ ਦਿਖ ਰਹੇ ਝਾਰਖੰਡ ਪੁਲਸ ਦੇ ਐੱਸ.ਐੱਚ.ਓ. ਭੂਸ਼ਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੀ ਗਲਤੀ ਮੰਨਦਿਆਂ ਮੁਆਫ਼ੀ ਮੰਗ ਲਈ। ਉਸ ਨੇ ਕਿਹਾ ਕਿ ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਬਿਲਕੁਲ ਵੀ ਨਹੀਂ ਸੀ। ਇਹ ਇਕ ਮਨੁੱਖੀ ਗਲਤੀ ਸੀ ਤੇ ਮੇਰੀ ਜ਼ੁਬਾਨ ਫ਼ਿਸਲ ਗਈ ਜਿਸ ਲਈ ਮੈਂ ਮੁਆਫ਼ੀ ਮੰਗਦਾ ਹਾਂ। ਪੁਲਸ ਮੁਲਾਜ਼ਮ ਨੇ ਕਿਹਾ ਕਿ ਮੇਰੀਆਂ ਸੰਵੇਦਨਾਵਾਂ ਉਸ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਦੇ ਨਾਲ ਹਨ। ਮੈਂ ਵੀ ਸਿੱਧੂ ਮੂਸੇਵਾਲਾ ਲਈ ਇਨਸਾਫ਼ ਅਤੇ ਉਸ ਦੇ ਪਰਿਵਾਰ ਦੀ ਤੰਦਰੁਸਤੀ ਲਈ ਅਰਦਾਸ ਕਰਦਾ ਹਾਂ।

Add a Comment

Your email address will not be published. Required fields are marked *