ਮੂਸੇਵਾਲਾ ਦੇ ਕਾਤਲਾਂ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਮਾਂ ਚਰਨ ਕੌਰ ਨੇ ਲਿਖੀ ਭਾਵੁਕ ਪੋਸਟ

ਜਲੰਧਰ – ਬੀਤੇ ਦਿਨੀਂ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ, ਜਿਸ ਨੇ ਸਾਰਿਆਂ ਨੂੰ ਸੋਚੀਂ ਪਾ ਦਿੱਤਾ। ਦਰਅਸਲ, ਬੀਤੇ ਦਿਨ ਸਿੱਧੂ ਦੇ ਕਤਲਕਾਂਡ ਨੂੰ ਲੈ ਕੇ ਰਚੀ ਗਈ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ। ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਤੋਂ ਪਤਾ ਲੱਗਾ ਕਿ ਮੂਸੇਵਾਲਾ ਦੇ ਕਤਲ ਦੀ ਸਾਰੀ ਸਾਜ਼ਿਸ਼ ਉੱਤਰ ਪ੍ਰਦੇਸ਼ (ਯੂਪੀ) ‘ਚ ਬੈਠ ਕੇ ਰਚੀ ਗਈ ਸੀ। ਇਹ ਪਹਿਲਾ ਵੱਡਾ ਖ਼ੁਲਾਸਾ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਯੂ. ਪੀ. ਦੇ ਅਯੁੱਧਿਆ ‘ਚ ਇਸ ਕਤਲ ਨੂੰ ਅੰਜਾਮ ਦੇਣ ਦੀ ਟਰੇਨਿੰਗ ਦਿੱਤੀ ਗਈ ਸੀ। ਇਸ ਲਈ ਇਹ ਸ਼ੂਟਰ ਅਯੁੱਧਿਆ ‘ਚ ਇੱਕ ਬਦਮਾਸ਼ ਦੇ ਫਾਰਮ ਹਾਊਸ ‘ਚ ਰੁਕੇ ਸਨ ਅਤੇ ਇਥੇ ਹੀ ਇਨ੍ਹਾਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਯੂ. ਪੀ. ਕੁਨੈਕਸ਼ਨ ਦਾ ਵੱਡਾ ਖੁਲਾਸਾ ਕਈ ਤਸਵੀਰਾਂ ਤੋਂ ਹੋਇਆ। ਸਿੱਧੂ ਮੂਸੇਵਾਲਾ ਦੇ ਕਤਲ ‘ਚ ਵਰਤਿਆ ਗਿਆ ਆਧੁਨਿਕ ਹਥਿਆਰ ਤੁਸੀਂ ਪਹਿਲੀ ਵਾਰ ਦੇਖ ਸਕਦੇ ਹੋ।

ਉਥੇ ਹੀ ਸਿੱਧੂ ਦੀ ਮਾਂ ਚਰਨ ਕੌਰ ਨੇ ਇਸ ਖ਼ੁਲਾਸੇ ਮਗਰੋਂ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੁੱਤ ਸਿੱਧੂ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ”ਥੋੜਾ ਜਿਹਾ ਸਕੂਨ ਮਿਲਦੈ ਸ਼ੁਭ ਪੁੱਤ ਜਦੋਂ ਤੇਰੇ ਕਤਲ ਦੀ ਸ਼ਾਜਿਸ ਘੜਨ ਵਾਲਿਆਂ ਦੇ ਨਵੇਂ ਨਵੇਂ ਚਿਹਰੇ ਸਾਹਮਣੇ ਆਉਂਦੇ ਹਨ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੇ ਪੂਰਨ ਵਿਸ਼ਵਾਸ਼ ਹੈ ਉਹ ਸਾਰੇ ਛੁਪੇ ਹੋਏ ਚਿਹਰੇ ਦੁਨੀਆਂ ਸਾਹਮਣੇ ਲੈ ਕੇ ਆਉਣਗੇ ਪਰ ਸ਼ੁਭ ਸਾਨੂੰ ਨੀ ਪਤਾ ਸੀ ਕਿ ਸਾਡੇ ਇਸ ਮੇਹਨਤੀ ਤੇ ਟਿੱਬਿਆਂ ‘ਚੋਂ ਉੱਠ ਕੇ ਸਾਰੀ ਦੁਨੀਆਂ ‘ਤੇ ਨਾਮ ਚਮਕਾਉਣ ਵਾਲੇ ਸਿੱਧੇ ਸਾਦੇ ਤੇ ਭੋਲੇ ਪੁੱਤ ਦੇ ਇੰਨੇ ਦੁਸ਼ਮਣ ਬਣ ਜਾਣਗੇ। ਜੇਕਰ ਸਾਨੂੰ ਪਤਾ ਹੁੰਦਾ ਤਾਂ ਮੈਂ ਤੈਨੂੰ ਕਦੇ ਵੀ ਤਰੱਕੀ ਕਰਨ ਨੂੰ ਨਾਂ ਕਹਿੰਦੀ ਕਿਉਂਕਿ ਤਰੱਕੀ ਹੀ ਹਮੇਸ਼ਾਂ ਬੰਦੇ ਦੀ ਦੁਸ਼ਮਣ ਬਣਦੀ ਹੈ।”

ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਉਹ ਸਿੱਧੂ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਦੀਆਂ ਹਨ। ਸਚਿਨ ਥਾਪਨ, ਜਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਾਜਿਸ਼ ਰਚੀ ਸੀ ਅਤੇ ਹਾਲ ਹੀ ‘ਚ ਅਜ਼ਰਬਾਈਜਾਨ ਤੋਂ ਡਿਪੋਰਟ ਕੀਤਾ ਗਿਆ ਸੀ, ਤਸਵੀਰਾਂ ‘ਚ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ‘ਚ ਸਚਿਨ ਥਾਪਨ ਨਾਲ ਲਾਰੈਂਸ ਬਿਸ਼ਨੋਈ ਗੈਂਗ ਦੇ ਸਾਰੇ ਸ਼ੂਟਰ ਵੀ ਨਜ਼ਰ ਆ ਰਹੇ ਹਨ। ਸ਼ੂਟਰਾਂ, ਜਿਨ੍ਹਾਂ ‘ਚੋਂ ਕਈਆਂ ਨੇ ਸਿੱਧੂ ਮੂਸੇਵਾਲਾ ‘ਤੇ ਗੋਲੀਆਂ ਚਲਾਈਆਂ। ਇਹ ਸਾਰੇ ਅਯੁੱਧਿਆ ਅਤੇ ਲਖਨਊ ‘ਚ ਘੁੰਮਦੇ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਸ਼ਾਮਲ ਸ਼ੂਟਰ ਸਚਿਨ ਥਾਪਨ ਦੀ ਅਜ਼ਰਬਾਈਜਾਨ ‘ਚ ਗ੍ਰਿਫ਼ਤਾਰੀ ਨੂੰ ਲੈ ਕੇ ਸੰਸਦ ‘ਚ ਬਿਆਨ ਦਿੱਤਾ ਸੀ ਕਿ ਕਿਵੇਂ ਉਸੇ ਸਚਿਨ ਥਾਪਨ ਨੇ ਯੂਪੀ ‘ਚ ਰਹਿ ਕੇ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਅੰਜਾਮ ਦੇਣ ਲਈ ਡੂੰਘੀ ਸਾਜ਼ਿਸ਼ ਰਚੀ। ਮੂਸੇਵਾਲਾ ਕਤਲ ਕਾਂਡ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਯੂਪੀ ‘ਚ ਹੀ ਇੱਕ ਵੱਡੇ ਕਤਲ ਕਾਂਡ ਨੂੰ ਅੰਜਾਮ ਦੇਣ ਦਾ ਠੇਕਾ ਮਿਲਿਆ ਸੀ। ਸੂਤਰਾਂ ਅਨੁਸਾਰ, ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਉੱਤਰ ਪ੍ਰਦੇਸ਼ ਦੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਗਿਆ ਸੀ ਪਰ ਇਹ ਯੋਜਨਾ ਫੇਲ੍ਹ ਹੋ ਗਈ, ਜਿਸ ਤੋਂ ਬਾਅਦ ਸਿੱਧੂ ਕਤਲੇਆਮ ਨੂੰ ਅੰਜ਼ਾਮ ਦਿੱਤਾ ਗਿਆ।

Add a Comment

Your email address will not be published. Required fields are marked *