ਸਿਮ ਕਾਰਡਜ਼ ਤੇ ਵਟਸਐਪ ਅਕਾਊਂਟਸ ਨੂੰ ਲੈ ਕੇ ਕੇਂਦਰ ਦੀ ਵੱਡੀ ਕਾਰਵਾਈ
ਕੇਂਦਰ ਸਰਕਾਰ ਨੇ ਸਿਮ ਕਾਰਡਜ਼ ਅਤੇ ਵਟਸਐਪ ਅਕਾਊਂਟ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਅਸੀਂ ਧੋਖੇ ਨਾਲ ਲਏ 52 ਲੱਖ ਕੁਨੈਕਸ਼ਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਹੈ, ਮੋਬਾਈਲ ਸਿਮ ਕਾਰਡ ਵੇਚਣ ਵਾਲੇ 67000 ਡੀਲਰਾਂ ਨੂੰ ਬਲੈਕਲਿਸਟ ਕੀਤਾ ਹੈ। ਮਈ 2023 ਤੋਂ ਹੁਣ ਤੱਕ ਸਿਮ ਕਾਰਡ ਡੀਲਰਾਂ ਵਿਰੁੱਧ 300 ਐੱਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ। 66,000 ਵਟਸਐਪ ਅਕਾਊਂਟ ਬਲਾਕ ਕਰ ਦਿੱਤੇ ਗਏ ਹਨ।
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ ਧੋਖਾਧੜੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਿਮ ਕਾਰਡ ਡੀਲਰਾਂ ਦੀ ਪੁਲਸ ਤਸਦੀਕ ਨੂੰ ਲਾਜ਼ਮੀ ਕਰ ਦਿੱਤਾ ਹੈ ਅਤੇ ਬਲਕ ਕੁਨੈਕਸ਼ਨਾਂ ਦੀ ਵਿਵਸਥਾ ਨੂੰ ਵੀ ਰੋਕ ਦਿੱਤਾ ਹੈ। ਸਰਕਾਰ ਨੇ 67000 ਡੀਲਰਾਂ ਨੂੰ ਬਲੈਕਲਿਸਟ ਕੀਤਾ ਹੈ। ਮੰਤਰੀ ਨੇ ਕਿਹਾ ਕਿ ਵਟਸਐਪ ਨੇ ਆਪਣੇ ਆਪ ਹੀ ਲਗਭਗ 66,000 ਖਾਤਿਆਂ ਨੂੰ ਬਲਾਕ ਕਰ ਦਿੱਤਾ ਹੈ, ਜੋ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ।
ਵੈਸ਼ਨਵ ਨੇ ਕਿਹਾ ਕਿ ਹੁਣ ਅਸੀਂ ਧੋਖਾਧੜੀ ਨੂੰ ਰੋਕਣ ਲਈ ਸਿਮ ਡੀਲਰਾਂ ਦੀ ਪੁਲਸ ਵੈਰੀਫਿਕੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ। ਨਵੀਂ ਗਾਈਡਲਾਈਨ ਮੁਤਾਬਕ ਬਿਨਾਂ ਪੁਲਸ ਵੈਰੀਫਿਕੇਸ਼ਨ ਦੇ ਸਿਮ ਕਾਰਡ ਵੇਚਣ ‘ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੈ। ਦੂਰਸੰਚਾਰ ਮੰਤਰੀ ਮੁਤਾਬਕ ਦੇਸ਼ ‘ਚ ਕਰੀਬ 10 ਲੱਖ ਸਿਮ ਕਾਰਡ ਡੀਲਰ ਹਨ, ਜਿਨ੍ਹਾਂ ਨੂੰ ਪੁਲਸ ਵੈਰੀਫਿਕੇਸ਼ਨ ’ਚੋਂ ਗੁਜ਼ਰਨਾ ਹੋਵੇਗਾ। ਇਸ ਤੋਂ ਇਲਾਵਾ ਕਾਰੋਬਾਰ (ਦੁਕਾਨ) ਦੀ ਕੇ.ਵਾਈ.ਸੀ. ਵੀ ਕਰਨੀ ਪਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡੀਲਰਾਂ ਨੂੰ 10 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਪੁਲਸ ਵੈਰੀਫਿਕੇਸ਼ਨ ਲਈ ਲੋੜੀਂਦਾ ਸਮਾਂ ਦਿੱਤਾ ਜਾਵੇਗਾ।

